ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ‘ਚ ਝਗੜਾ ਕਰਨਾ ਲੋਕਾਂ ਨੂੰ ਹੁਣ ਮਹਿੰਗਾ ਪਵੇਗਾ। ਗ਼ੈਰ ਜ਼ਮਾਨਤੀ ਧਾਰਵਾਂ ਤਹਿਤ ਦਰਜ ਹੋਵੇਗਾ ਮਾਮਲਾ ਸਿਹਤ ਮੰਤਰੀ ਨੇ ਡੀਜੀਪੀ ਨੂੰ ਜਾਰੀ ਕੀਤੇ ਹੁਕਮ। ਹੁਣ ਹਸਪਤਾਲਾਂ ਚ ਕਿਸੇ ਵੀ ਕਿਸਮ ਦਾ ਲੜਾਈ-ਝਗੜਾ ਕਰਨ ਵਾਲਿਆਂ ਖ਼ਿਲਾਫ਼ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।
ਇਸ ਸਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਡੀਜੀਪੀ ਪੰਜਾਬ ਨੂੰ ਹੁਕਮ ਦਿੱਤੇ ਹਨ। ਕਿਹਾ ਗਿਆ ਹੈ ਕਿ ਹਸਪਤਾਲਾਂ ‘ਚ ਝਗੜਾ ਕਰਨ ਵਾਲਿਆਂ ‘ਤੇ ਹਰ ਹਾਲਤ ‘ਚ ਕਾਰਵਾਈ ਕੀਤੀ ਜਾਵੇ। ਡੀਜੀਪੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਪੀਸੀਆਰ ਵੈਨ ਹਰ ਇਕ ਜਾਂ ਦੋ ਘੰਟੇ ‘ਚ ਸਿਹਤ ਕੇਂਦਰਾਂ ਦਾ ਚੱਕਰ ਲਾਉਣ। ਪਿਛਲੇ ਮਹੀਨੇ ਸੂਬੇ ਦੇ ਚਾਰ ਹਸਪਤਾਲਾਂ ‘ਚ ਇਕ ਤੋਂ ਬਾਅਦ ਇਕ ਝਗੜੇ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ।
ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ਐਸੋਸੀਏਸ਼ਨ ਅਨੁਸਾਰ, ਅਪ੍ਰੈਲ 2024 ਤੋਂ ਮਾਰਚ 2025 ਤਕ ਸਿਹਤ ਸੰਸਥਾਵਾਂ ‘ਚ ਹਿੰਸਾ ਦੀਆਂ 50 ਘਟਨਾਵਾਂ ਵਾਪਰੀਆਂ। ਸੂਬੇ ‘ਚ ਕਈ ਪ੍ਰਾਇਮਰੀ ਹਸਪਤਾਲ ਤੇ ਕਮਿਊਨਿਟੀ ਸਿਹਤ ਕੇਂਦਰ ਬਿਨਾਂ ਸੁਰੱਖਿਆ ਗਾਰਡ ਦੇ ਚੱਲ ਰਹੇ ਹਨ, ਜਿਸ ਕਾਰਨ ਪਿੰਡਾਂ ‘ਚ ਡਾਕਟਰ, ਖਾਸ ਕਰ ਕੇ ਮਹਿਲਾ ਡਾਕਟਰ, ਅਕਸਰ ਅਸੁਰੱਖਿਅਤ ਰਹਿੰਦੇ ਹਨ।