ਲੁਧਿਆਣਾ ਦੀਆਂ ਕਿਲਾ ਰਾਏਪੁਰ ਪੇਂਡੂ ਉਲੰਪਿਕ ਖੇਡਾਂ ਵਿਚ 11 ਸਾਲਾਂ ਬਾਅਦ ਬੈਲ ਗੱਡੀਆਂ ਦੀ ਦੌੜ ਫਿਰ ਤੋਂ ਸ਼ੁਰੂ ਹੋ ਗਈ ਹੈ। ਇਸਦਾ ਉਦਘਾਟਨ ਅੱਜ ਮੰਗਲਵਾਰ ਨੂੰ ਦੁਪਹਿਰੇ 12 ਵਜੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਕੀਤਾ ਗਿਆ। ਪਹਿਲੇ ਫੇਸ ਵਿਚ 28 ਬੈਲ ਗੱਡੀਆਂ ਦੀ ਦੌੜ 7 ਪੜ੍ਹਾਵਾਂ ਵਿਚ ਕਰਵਾਈ ਗਈ। ਹਰ ਫੇਸ ਦੀ ਵਿਜੇਤਾ ਬੈਲ ਗੱਡੀ ਭਲਕੇ ਸੈਕਿੰਡ ਰਾਊਂਡ ਵਿਚ ਹਿੱਸਾ ਲਵੇਗੀ। ਇਨ੍ਹਾਂ ਖੇਡਾਂ ਨੂੰ ਦੇਖਣ ਪਹੁੰਚੇ ਵਿਅਕਤੀਆਂ ਦਾ ਕਹਿਣਾ ਸੀ ਕਿ ਉਹ 11 ਸਾਲਾਂ ਤੋਂ ਇਨ੍ਹਾਂ ਦੌੜਾਂ ਦਾ ਇੰਤਜ਼ਾਰ ਕਰ ਰਹੇ ਸਨ। ਇਸ ਪ੍ਰਤੀਯੋਗਤਾ ਵਿਚ ਕਰੀਬ 72 ਬੈਲ ਗੱਡੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਇਹ ਦੌੜਾਂ 19 ਫਰਵਰੀ ਤੱਕ ਤਿੰਨ ਦਿਨ ਚੱਲਣੀਆਂ ਹਨ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ ਤੋਂ ਬਾਅਦ 2014 ਵਿਚ ਕਿਲ੍ਹਾ ਰਾਏਪੁਰ ਖੇਡਾਂ ਵਿਚ ਬੈਲ ਗੱਡੀਆਂ ਦੀਆਂ ਦੌੜਾਂ ਬੰਦ ਕਰ ਦਿੱਤੀਆਂ ਗਈਆਂ ਸਨ। ਬਾਅਦ ਵਿਚ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿਚ ਬਿੱਲ ਪਾਸ ਕਰਕੇ ਇਨ੍ਹਾਂ ਦੌੜਾਂ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਰਸਤਾ ਸਾਫ ਕੀਤਾ ਸੀ।
ਲੁਧਿਆਣਾ ’ਚ 11 ਸਾਲਾਂ ਬਾਅਦ ਬੈਲ ਗੱਡੀਆਂ ਦੀ ਦੌੜ

