ਹਾਈ ਕੋਰਟ ‘ਚ ਪੰਜਾਬ ਸਰਕਾਰ ਨੇ ਆਪਣਾ ਦਾਅਵਾ ਪੇਸ਼ ਕਰਦੇ ਹੋਏ ਕਿਹਾ ਹੈ ਕਿ ਹਾਈਬ੍ਰਿਡ ਕਿਸਮਾਂ ਦੇ ਬੀਜ ਧਰਤੀ ਨੂੰ ਬੰਜਰ ਬਣਾ ਰਹੇ। ਬੀਜਾਂ ‘ਤੇ ਲਗਾਈ ਗਈ ਪਾਬੰਦੀ ਨੂੰ ਲੈ ਕੇ ਸੂਚੀਬੱਧ ਕਿਸਮਾਂ ਵਿਰੁਧ ਜਵਾਬ ਦਾਇਰ ਕੀਤਾ ਗਿਆ ਹੈ। ਪੰਜਾਬ ’ਚ ਹਾਈਬ੍ਰਿਡ ਕਿਸਮਾਂ ਦੇ ਬੀਜਾਂ ਦੀ ਵਿਕਰੀ ‘ਤੇ ਪਾਬੰਦੀ ਲਗਾਉਣ ਦੇ ਹੁਕਮ ਨੂੰ ਚੁਣੌਤੀ ਦਿੰਦੀ ਟਰੇਡਰਾਂ ਦੀ ਪਟੀਸ਼ਨ ‘ਤੇ ਪੰਜਾਬ ਸਰਕਾਰ ਨੇ ਹਾਈ ਕੋਰਟ ‘ਚ ਹੈਰਾਨੀਜਨਕ ਪ੍ਰਗਟਾਵੇ ਕੀਤੇ ਹਨ।
ਕੇਸ ਦੀ ਸੁਣਵਈ ਦੌਰਾਨ ਸੂਬੇ ਦੇ ਐਡਵੋਕੇਟ ਜਨਰਲ ਮਨਿੰਦਰ ਜੀਤ ਸਿੰਘ ਬੇਦੀ ਤੇ ਏਏਜੀ ਮਨਿੰਦਰ ਸਿੰਘ ਨੇ ਜਸਟਿਸ ਕੁਲਦੀਪ ਤਿਵਾੜੀ ਦੇ ਬੈਂਚ ਨੂੰ ਜਾਣੂੰ ਕਰਵਾਇਆ ਕਿ ਇਨ੍ਹਾਂ ਬੀਜਾਂ ‘ਤੇ ਪਾਬੰਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਐਨ ਉਪਰੰਤ ਲਗਾਈ ਗਈ ਹੈ। ਬੈਂਚ ਨੂੰ ਦਸਿਆ ਕਿ ਅਧਿਐਨ ਕਹਿੰਦਾ ਹੈ ਕਿ ਹਾਈਬ੍ਰਿਡ ਬੀਜਾਂ ਨਾਲ ਧਰਤੀ ਬੰਜਰ ਹੋ ਰਹੀ ਹੈ ਤੇ ਉਪਜ ਘੱਟ ਰਹੀ ਹੈ।
ਹਾਈਬ੍ਰਿਡ ਕਿਸਮਾਂ ਕਾਰਣ ਝੋਨੇ ਦਾ ਝਾੜ ਘੱਟ ਨਿਕਲ ਰਿਹਾ ਹੈ ਤੇ ਪਾਣੀ ਦੀ ਖਪਤ ਵੀ ਵੱਧ ਹੋ ਰਹੀ ਹੈ। ਹਾਈਬ੍ਰਿਡ ਬੀਜ ਨਾਲ ਪੈਦਾ ਹੋਇਆ ਝੋਨਾ ਮਿਲਿੰਗ ਦੌਰਾਨ 47 ਫ਼ੀ ਸਦੀ ਹੀ ਪ੍ਰਾਪਤ ਹੋ ਰਿਹਾ ਹੈ। ਝੌਨੇ ਦੇ ਹਾਈਬ੍ਰਿਡ ਬੀਜਾਂ ਨੂੰ ਲੈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪਹਿਲਾਂ ਹੀ ਚੇਤਾਵਨੀ ਜਾਰੀ ਕਰ ਦਿੱਤੀ ਸੀ ਤੇ ਸਰਕਾਰ ਨੇ ਕਿਸਾਨਾਂ ਨੂੰ ਦੱਸ ਦਿੱਤਾ ਸੀ ਕਿ ਇਸ ਵਾਰ ਝੌਨੇ ਦੀ ਬੀਜਾਈ ਸਮੇਂ ਕਿਸਾਨ ਕਿਹੜੇ-ਕਿਹੜੇ ਬੀਜ ਦੀ ਕਿਸਮ ਲਗਾ ਸਕਦੇ ਹਨ।