ਵਾਸ਼ਿੰਗਟਨ/ਬਿਊਰੋ ਨਿਊਜ਼
ਐਚ-1ਬੀ ਵੀਜ਼ਾ ਫੀਸ 1 ਲੱਖ ਅਮਰੀਕੀ ਡਾਲਰ ਵਧਾਉਣ ਤੋਂ ਕੁਝ ਹਫਤਿਆਂ ਬਾਅਦ, ਅਮਰੀਕੀ ਅਧਿਕਾਰੀਆਂ ਨੇ ਪਰਵਾਸੀਆਂ ਲਈ ਵਰਕ ਪਰਮਿਟਾਂ ਦੀ ਆਟੋਮੈਟਿਕ ਐਕਸਟੈਨਸ਼ਨ ਦੀ ਸਹੂਲਤ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ।
ਇਸ ਫੈਸਲੇ ਨਾਲ ਵੱਡੀ ਗਿਣਤੀ ਵਿਚ ਭਾਰਤੀ ਪਰਵਾਸੀ ਅਤੇ ਕਾਮੇ ਪ੍ਰਭਾਵਿਤ ਹੋ ਸਕਦੇ ਹਨ। ਇਮੀਗਰੇਸ਼ਨ ਦੀ ਨਕੇਲ ਕੱਸਣ ਲਈ ਕੀਤੇ ਜਾ ਰਹੇ ਯਤਨਾਂ ਦੀ ਲੜੀ ਵਿਚ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਇਹ ਐਲਾਨ ਕੀਤਾ ਹੈ।
ਵਿਦੇਸ਼ੀ ਨਾਗਰਿਕਾਂ ਦੇ ਰੁਜ਼ਗਾਰ ਅਧਿਕਾਰ ਦਸਤਾਵੇਜ਼ਾਂ ਦੀ ਵੈਧਤਾ ਨੂੰ ਵਧਾਉਣ ਤੋਂ ਪਹਿਲਾਂ ਹੁਣ ਪਰਵਾਸੀਆਂ ਦੀ ਸਹੀ ਸਕਰੀਨਿੰਗ ਅਤੇ ਜਾਂਚ ਨੂੰ ਤਰਜੀਹ ਦਿੱਤੀ ਜਾਵੇਗੀ।
ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਹੈ ਕਿ ਨਵੇਂ ਨਿਯਮ ਅਨੁਸਾਰ, 30 ਅਕਤੂਬਰ 2025 ਨੂੰ ਜਾਂ ਇਸ ਤੋਂ ਬਾਅਦ ਆਪਣੇ ਰੁਜ਼ਗਾਰ ਅਧਿਕਾਰ ਦਸਤਾਵੇਜ਼ਾਂ ਨੂੰ ਰੀਨਿਊ ਲਈ ਫਾਈਲ ਕਰਨ ਵਾਲੇ ਪਰਵਾਸੀਆਂ ਨੂੰ ਹੁਣ ਆਟੋਮੈਟਿਕ ਐਕਸਟੈਨਸ਼ਨ ਨਹੀਂ ਮਿਲੇਗੀ।

