ਪੰਜਾਬ ਵਿੱਚ ਮੋਹਾਲੀ ਦੇ ਸੋਹਾਣਾ ਇਲਾਕੇ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਪ੍ਰਮੋਟਰ ਅਤੇ ਕਬੱਡੀ ਖਿਡਾਰੀ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਦੀ ਸਿਰ ਵਿੱਚ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
ਇਸ ਮਾਮਲੇ ਵਿੱਚ ਮੋਹਾਲੀ ਪੁਲਿਸ ਵੱਲੋਂ ਹਮਲਾਵਰਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਪਛਾਣ ਤੇ ਗਿਰਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ।
ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰ ਕੇ ਇਸ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਮਾਮਲੇ ਦੀ ਜਾਂਚ ਲਈ ਐਂਟੀ ਗੈਂਗਸਟਰ ਟਾਸਕ ਫੋਰਸ, ਕਰਾਈਮ ਬ੍ਰਾਂਚ, ਮੋਹਾਲੀ ਪੁਲਿਸ ਅਤੇ ਸਾਈਬਰ ਸੈੱਲ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ। ਜਾਣਕਾਰੀ ਮੁਤਾਬਕ ਹਮਲਾਵਰ ਬੋਲੇਰੋ ਗੱਡੀ ਵਿੱਚ ਆਏ ਸਨ, ਹਾਲਾਂਕਿ ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਾਈਕਾਂ ’ਤੇ ਭੱਜਦੇ ਹੋਏ ਵੀ ਦੇਖਿਆ ਗਿਆ।
ਕਤਲ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ:
ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਵਿੱਚ ਲਿਖਿਆ ਗਿਆ ਹੈ— ਅੱਜ ਜੋ ਮੋਹਾਲੀ ਵਿੱਚ ਕਬੱਡੀ ਕੱਪ ਦੌਰਾਨ ਰਾਣਾ ਬਲਾਚੌਰੀਆ ਦਾ ਕਤਲ ਹੋਇਆ ਹੈ, ਉਸ ਦੀ ਜ਼ਿੰਮੇਵਾਰੀ ਮੈਂ ਡੋਨੀਬਲ, ਸ਼ਗਨਪ੍ਰੀਤ (ਜਿਸ ਨੂੰ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਉਸ ਦਾ ਮੈਨੇਜਰ ਦੱਸਿਆ ਗਿਆ ਸੀ), ਮੋਹੱਬਤ ਰੰਧਾਵਾ, ਅਮਰ ਖੱਬੇ, ਪ੍ਰਭਦਾਸੁਵਾਲ ਅਤੇ ਕੌਸ਼ਲ ਚੌਧਰੀ ਲੈਂਦੇ ਹਾਂ। ਇਹ (ਰਾਣਾ) ਵਿਅਕਤੀ ਸਾਡੇ ਐਂਟੀ ਜੱਗੂ ਅਤੇ ਲਾਰੈਂਸ ਨਾਲ ਸਾਂਝ ਰੱਖਦਾ ਸੀ।
ਇਸ ਨੇ ਮੂਸੇਵਾਲਾ ਦੇ ਕਾਤਲਾਂ ਦਾ ਸਾਥ ਦਿੱਤਾ:
ਪੋਸਟ ਵਿੱਚ ਅੱਗੇ ਲਿਖਿਆ ਗਿਆ ਹੈ— ਇਸ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਰਹਿਣ ਲਈ ਥਾਂ ਦਿਵਾਈ ਸੀ ਅਤੇ ਖੁਦ ਉਨ੍ਹਾਂ ਨੂੰ ਸੰਭਾਲਿਆ ਸੀ। ਅੱਜ ਰਾਣਾ ਨੂੰ ਮਾਰ ਕੇ ਅਸੀਂ ਆਪਣੇ ਭਰਾ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਬਦਲਾ ਲਿਆ ਹੈ। ਇਹ ਕੰਮ ਸਾਡੇ ਭਰਾ ਮੱਖਣ ਅੰਮ੍ਰਿਤਸਰ ਅਤੇ ਡਿਫੌਲਟਰ ਕਰਨ ਨੇ ਕੀਤਾ ਹੈ।
ਕਬੱਡੀ ਵਿੱਚ ਜੱਗੂ ਅਤੇ ਹੈਰੀ ਦਾ ਦਖ਼ਲ ਨਹੀਂ ਚਾਹੀਦਾ:
ਗੈਂਗਸਟਰਾਂ ਨੇ ਲਿਖਿਆ ਹੈ— ਅੱਜ ਤੋਂ ਸਾਰੇ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ ਕੋਈ ਵੀ ਜੱਗੂ ਅਤੇ ਹੈਰੀ ਦੀ ਟੀਮ ਵਿੱਚ ਨਾ ਖੇਡੇ। ਨਹੀਂ ਤਾਂ ਨਤੀਜਾ ਐਸਾ ਹੀ ਨਿਕਲੇਗਾ। ਸਾਨੂੰ ਕਬੱਡੀ ਨਾਲ ਕੋਈ ਐਲਰਜੀ ਨਹੀਂ ਹੈ, ਸਿਰਫ਼ ਜੱਗੂ ਅਤੇ ਹੈਰੀ ਦੀ ਕਬੱਡੀ ਵਿੱਚ ਕੋਈ ਦਖ਼ਲਅੰਦਾਜ਼ੀ ਨਹੀਂ ਚਾਹੀਦੀ। ਵੇਟ ਐਂਡ ਵਾਚ।
ਪੋਸਟ ਦੇ ਅੰਤ ਵਿੱਚ ਗੋਪੀ ਘਨਸ਼ਿਆਮਪੁਰੀਆ ਗਰੁੱਪ, ਮੰਘਨਸ਼ਿਆਮਪੁਰ, ਦਵਿੰਦਰ ਬੰਬੀਹਾ ਗਰੁੱਪ, ਪਵਨ ਸ਼ਕੀਲ, ਰਾਣਾ ਬਾਈ, ਆਫ਼ਰੀਦੀ ਤੂਤ, ਮਨਜੋਤ ਸਿੱਧੂ ਐਚਆਰ ਅਤੇ ਰਾਣਾ ਕੰਡੋਵਾਲ ਦੇ ਨਾਮ ਲਿਖੇ ਹਨ।
ਕਬੱਡੀ ਬਣੀ ਅਪਰਾਧ ਜਗਤ ਦਾ ਅੱਡਾ
ਦਰਅਸਲ, ਇਨ੍ਹਾਂ ਟੂਰਨਾਮੈਂਟਾਂ ਵਿੱਚ ਲੱਖਾਂ ਰੁਪਏ ਦੇ ਇਨਾਮ ਦਾਅ ’ਤੇ ਲੱਗਦੇ ਹਨ। ਇਸ ਕਾਰਨ ਕਈ ਖਿਡਾਰੀਆਂ ਅਤੇ ਆਯੋਜਕਾਂ ਕੋਲ ਅਚਾਨਕ ਬਹੁਤ ਜ਼ਿਆਦਾ ਪੈਸਾ ਅਤੇ ਵਿਦੇਸ਼ੀ ਸੰਪਰਕ ਬਣ ਗਏ। ਕਬੱਡੀ ਟੂਰਨਾਮੈਂਟਾਂ ਵਿੱਚ ਵਿਦੇਸ਼ਾਂ ਤੋਂ ਆਉਣ ਵਾਲਾ ਪੈਸਾ ਕਈ ਵਾਰ ਕਾਲਾ ਧਨ ਹੁੰਦਾ ਹੈ। ਕੁਝ ਮਾਮਲਿਆਂ ਦੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਨਸ਼ਿਆਂ ਦੇ ਧੰਦੇ ਤੋਂ ਕਮਾਇਆ ਗਿਆ ਪੈਸਾ ਇਨ੍ਹਾਂ ਟੂਰਨਾਮੈਂਟਾਂ ਵਿੱਚ ਲਗਾਇਆ ਜਾ ਰਿਹਾ ਸੀ। ਇਸ ਕਾਰਨ ਕਬੱਡੀ ਦੀ ਦੁਨੀਆ ਵਿੱਚ ਗੈਂਗਸਟਰਾਂ ਅਤੇ ਡਰੱਗ ਮਾਫ਼ੀਆ ਦੀ ਘੁਸਪੈਠ ਹੋ ਗਈ।
ਕਈ ਖਿਡਾਰੀਆਂ ਦੇ ਸਥਾਨਕ ਨੇਤਾਵਾਂ, ਗੈਂਗਸਟਰਾਂ ਜਾਂ ਪੁਲਿਸ ਨਾਲ ਸੰਪਰਕ ਬਣ ਗਏ। ਕੁਝ ਨੇ ਫਾਇਨੈਂਸਰਾਂ ਜਾਂ ਆਯੋਜਕਾਂ ਵਿਚਾਲੇ ਚੱਲ ਰਹੇ ਵਿਵਾਦਾਂ ਵਿੱਚ ਕਿਸੇ ਇੱਕ ਪੱਖ ਦਾ ਸਾਥ ਦਿੱਤਾ ਅਤੇ ਕੁਝ ਨੂੰ ਗੈਂਗਾਂ ਵੱਲੋਂ ਸੁਚਨਾ ਦੇਣ ਵਾਲਾ ਜਾਂ ਦੂਜੇ ਪੱਖ ਦਾ ਸਮਰਥਕ ਸਮਝ ਕੇ ਨਿਸ਼ਾਨਾ ਬਣਾਇਆ ਗਿਆ। ਜਿਵੇਂ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਸਿੱਧੂ ਦੀ ਹੱਤਿਆ ਮਾਰਚ 2022 ਵਿੱਚ ਲੱਕੀ ਪਾਟਿਆਲ–ਬੰਬੀਹਾ–ਕੌਸ਼ਲ ਗੈਂਗ ਗਠਜੋੜ ਵੱਲੋਂ ਕੀਤੀ ਗਈ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਉਹ ਕਈ ਵਿਵਾਦਿਤ ਆਯੋਜਕਾਂ ਅਤੇ ਫਾਇਨੈਂਸਰਾਂ ਦੇ ਸੰਪਰਕ ਵਿੱਚ ਸੀ।
ਇਸ ਤੋਂ ਪਹਿਲਾਂ ਵੀ ਕਈ ਕਬੱਡੀ ਖਿਡਾਰੀਆਂ ਜਾਂ ਪ੍ਰਮੋਟਰਾਂ ਨੂੰ ਪੁਰਾਣੇ ਹਿਸਾਬ–ਕਿਤਾਬ, ਪੈਸਿਆਂ ਜਾਂ ਗੈਂਗ ਰਕਾਬਤ ਕਾਰਨ ਮਾਰਿਆ ਗਿਆ। ਕਈ ਪੰਜਾਬੀ ਗੈਂਗਸਟਰ ਜਿਵੇਂ ਲਾਰੈਂਸ ਬਿਸ਼ਨੋਈ, ਲੱਕੀ ਪਾਟਿਆਲ, ਕੌਸ਼ਲ, ਬੰਬੀਹਾ, ਲਾਂਡਾ ਅਤੇ ਗੋਲਡੀ ਬਰਾੜ ਵਿਦੇਸ਼ਾਂ ਤੋਂ ਜਾਂ ਜੇਲ੍ਹਾਂ ਵਿੱਚੋਂ ਆਪਣੀਆਂ ਗੈਂਗਾਂ ਚਲਾ ਰਹੇ ਹਨ। ਇਹ ਗੈਂਗਸਟਰ ਸੋਸ਼ਲ ਮੀਡੀਆ ’ਤੇ ਆਪਣੇ ਐਕਸ਼ਨ ਦਿਖਾ ਕੇ ਡਰ ਅਤੇ ਦਬਦਬਾ ਬਣਾਈ ਰੱਖਣਾ ਚਾਹੁੰਦੇ ਹਨ।
ਕਬੱਡੀ ਵਰਗੇ ਖੇਡ ਪਲੇਟਫ਼ਾਰਮ ’ਤੇ ਕਿਸੇ ਦੀ ਹੱਤਿਆ ਕਰਵਾਉਣਾ ਤਾਕਤ ਦਿਖਾਉਣ ਦਾ ਇੱਕ ਤਰੀਕਾ ਬਣ ਗਿਆ ਹੈ। ਹਰ ਹੱਤਿਆ ਤੋਂ ਬਾਅਦ ਪੰਜਾਬ ਪੁਲਿਸ ਨੂੰ ਜਾਂਚ ਦੌਰਾਨ ਅੰਤਰਰਾਜੀ ਅਤੇ ਅੰਤਰਰਾਸ਼ਟਰੀ ਕਨੈਕਸ਼ਨ ਮਿਲਦੇ ਹਨ। ਪਰ ਇਹ ਨੈੱਟਵਰਕ ਇੰਨਾ ਵਿਆਪਕ ਹੈ ਕਿ ਮੁੱਖ ਸਾਜ਼ਿਸ਼ਕਰਤਾ ਵਿਦੇਸ਼ਾਂ ਵਿੱਚ ਬੈਠੇ ਰਹਿੰਦੇ ਹਨ ਅਤੇ ਸਥਾਨਕ ਸ਼ੂਟਰ ਜਾਂ ਛੋਟੇ ਗੈਂਗਸਟਰ ਸਿਰਫ਼ ਹੁਕਮ ਪੂਰੇ ਕਰਦੇ ਹਨ।
ਅੱਜਕੱਲ੍ਹ ਕਈ ਕਬੱਡੀ ਖਿਡਾਰੀ ਸੋਸ਼ਲ ਮੀਡੀਆ ਸਟਾਰ ਵੀ ਬਣ ਚੁੱਕੇ ਹਨ। ਉਨ੍ਹਾਂ ਦੀ ਫਾਲੋਇੰਗ, ਲਾਈਫਸਟਾਈਲ ਅਤੇ ਲੋਕਪ੍ਰਿਯਤਾ ਕਾਰਨ ਉਹ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਆ ਜਾਂਦੇ ਹਨ। ਕਬੱਡੀ ਵਰਗੀ ਪੰਜਾਬ ਦੀ ਮਾਂ ਖੇਡ ’ਤੇ ਹੁਣ ਨਸ਼ਿਆਂ, ਪੈਸਿਆਂ ਅਤੇ ਅਪਰਾਧ ਦਾ ਸਾਇਆ ਪੈ ਗਿਆ ਹੈ। ਜਦੋਂ ਤੱਕ ਇਨ੍ਹਾਂ ਨੈੱਟਵਰਕਾਂ ਦੇ ਡਰੱਗ ਮਨੀ ਦੇ ਫ਼ਲੋ, ਵਿਦੇਸ਼ੀ ਫਾਇਨੈਂਸਰਾਂ ਦੇ ਲਿੰਕ ਅਤੇ ਸਥਾਨਕ ਗੈਂਗਸਟਰ ਗਠਜੋੜ ’ਤੇ ਸਖ਼ਤ ਕਾਰਵਾਈ ਨਹੀਂ ਹੁੰਦੀ, ਤਦ ਤੱਕ ਪੰਜਾਬ ਵਿੱਚ ਖਿਡਾਰੀਆਂ ਦੀ ਸੁਰੱਖਿਆ ਖ਼ਤਰੇ ਵਿੱਚ ਬਣੀ ਰਹੇਗੀ
2016 ਤੋਂ ਬਾਅਦ ਵੱਡੇ 11 ਖਿਡਾਰੀਆਂ ਦੇ ਕਤਲ ਹੋ ਚੁੱਕੇ ਹਨ
ਮੁਹਾਲੀ ਦੇ ਸੋਹਾਣਾ ਵਿੱਚ 15 ਦਸੰਬਰ 2025 ਨੂੰ ਹੋਏ ਰਾਣਾ ਬਲਾਚੌਰੀਆ ਦੇ ਕਤਲ ਨਾਲ ਪੰਜਾਬ ਵਿੱਚ 2016 ਤੋਂ ਬਾਅਦ ਗੈਂਗਜ਼ ਵਲੋਂ ਕਤਲ ਕੀਤੇ ਗਏ ਕਬੱਡੀ ਖਿਡਾਰੀਆਂ ਦੀ ਗਿਣਤੀ 11 ਹੋ ਗਈ ਹੈ।
2016 ਵਿਚ ਕਬੱਡੀ ਖਿਡਾਰੀ ਅਜਮੇਰ ਨੂੰ ਇੱਕ ਕਥਿਤ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ
ਮਈ 2020 ਵਿੱਚ ਕਪੂਰਥਲਾ ਵਿੱਚ ਕਬੱਡੀ ਖਿ਼ਡਾਰੀ ਅਰਵਿੰਦਰਜੀਤ ਪੱਡਾ ਨੂੰ ਗੋਲ਼ੀਆਂ ਮਾਰ ਕੇ ਮਾਰਿਆ ਗਿਆ
ਅਗਸਤ 2020 ਵਿੱਚ ਬਟਾਲਾ ਵਿੱਚ ਕਬੱਡੀ ਖਿ਼ਡਾਰੀ ਗੁਰਮੇਜ਼ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ
12 ਮਾਰਚ 2022 ਨੂੰ ਕੌਮਾਂਤਰੀ ਪੱਧਰ ਦੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਜਲੰਧਰ ਵਿੱਚ ਟੂਰਨਾਮੈਂਟ ਦੌਰਾਨ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ
ਅਪ੍ਰੈਲ 2022 ਵਿੱਚ ਪਟਿਆਲ਼ਾ ਵਿੱਚ ਕਬੱਡੀ ਖਿਡਾਰੀ ਧਰਮਿੰਦਰ ਸਿੰਘ ਦਾ ਕਤਲ ਕੀਤਾ ਗਿਆ
23 ਸਿਤੰਬਰ 2023 ਨੂੰ ਕਪੂਰਥਲਾ ਵਿੱਚ ਹੀ ਕਬੱਡੀ ਖਿਡਾਰੀ ਹਰਦੀਪ ਸਿੰਘ ਨੂੰ ਘੇਰ ਕੇ 6 ਜਣਿਆਂ ਨੇ ਤਲਵਾਰਾਂ ਨਾਲ ਕਤਲ ਕਰ ਦਿੱਤਾ
• 6 ਜੂਨ 2025 ਨੂੰ ਪੰਚਕੂਲਾ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਦੇ ਇਸ਼ਾਰੇ ’ਤੇ ਰਾਸ਼ਟਰੀ ਪੱਧਰ ’ਤੇ ਖੇਡ ਚੁੱਕੇ ਕਬੱਡੀ ਖਿਡਾਰੀ ਸੋਨੂ ਨੋਲਟਾ ’ਤੇ ਤਾਬੜਤੋੜ ਗੋਲੀਆਂ ਚਲਾ ਕੇ ਹੱਤਿਆ ਕਰ ਦਿੱਤੀ ਗਈ।
31 ਅਕਤੂਬਰ 2025 ਨੂੰ ਲੁਧਿਆਣਾ ਵਿੱਚ ਕਬੱਡੀ ਖਿਡਾਰੀ ਤੇਜਪਾਲ ਦੀ ਹੱਤਿਆ ਕੀਤੀ ਗਈ।
• ਨਵੰਬਰ 2025 ਵਿੱਚ ਪੰਜਾਬ ਦੇ ਤਰਨਤਾਰਨ ਵਿੱਚ ਕਬੱਡੀ ਖਿਡਾਰੀ ਸੁਖਵਿੰਦਰ ਸਿੰਘ ਉਰਫ਼ ਨੋਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

