ਚੰਡੀਗੜ੍ਹ / ਦੂਜਾ ਪੰਜਾਬ ਬਿਊਰੋ
ਅਮਰੀਕਾ ਤੋਂ ਇੱਕ ਹੋਰ ਜਹਾਜ਼ ਭਾਰਤ ਉਤਰ ਆਇਆ ਹੈ। ਇਸ ਵਾਰ ਇਹ ਜਹਾਜ਼ ਦਿੱਲੀ ਵਿੱਚ ਉਤਰਿਆ ਹੈ। 54 ਨੌਜਵਾਨ ਹਥ-ਕੜੀਆਂ ਬੇੜੀਆਂ ਲਾ ਕੇ ਉਸੇ ਤਰ੍ਹਾਂ ਭੇਜੇ ਗਏ ਹਨ, ਜਿਵੇਂ ਪਹਿਲਾਂ 119 ਨੂੰ ਲੈ ਕੇ ਅੰਮ੍ਰਿਤਸਰ ਵਿੱਚ ਆਏ ਸੀ।
ਉਸ ਵੇਲੇ ਪੰਜਾਬ ਅਤੇ ਹਰਿਆਣਾ ਸਣੇ ਕਈ ਸੂਬਿਆਂ ਦੇ ਨੌਜਵਾਨ ਸਨ, ਇਸ ਵਾਰ ਇਕੱਲੇ ਹਰਿਆਣੇ ਦੇ ਹਨ।
ਇਨ੍ਹਾਂ ਵਿੱਚੋਂ 16 ਕਰਨਾਲ, 14 ਕੈਥਲ ਅਤੇ 5 ਅੰਬਾਲਾ ਦੇ ਹਨ। ਜਿਸ ਨੂੰ ਅਸੀਂ ਪੰਜਾਬੀ ਬੈਲਟ ਵਲੋਂ ਜਾਣਦੇ ਹਾਂ।
ਇਹ ਸਾਰੇ ਡੌਂਕੀ ਲਾ ਕੇ ਗਏ ਸਨ, 70-70-80-80 ਲੱਖ ਰੁਪਏ ਖ਼ਰਚ ਕੇ ਇਹ ਮੈਕਸੀਕੋ ਦਾ ਬਾਡਰ ਟੱਪ ਕੇ ਅਮਰੀਕਾ ਵਿੱਚ ਦਾਖਲ ਹੋਏ ਸਨ। ਇਨ੍ਹਾਂ ਵਿੱਚੋਂ ਕੁਝ ਅਜਿਹੇ ਹਨ ਜਿਹੜੇ ਜ਼ਮੀਨਾਂ ਵੇਚ ਕੇ ਗਏ ਸਨ ਅਤੇ ਦੋ ਤਾਂ ਅਜਿਹੇ ਹਨ, ਜਿਹੜੇ ਭਾਰਤ ਵਿੱਚ ਮੋਸਟ ਵਾਂਟਡ ਹਨ।
ਕੈਥਲ ਦੇ ਤਿਤਰਮ ਪਿੰਡ ਦਾ ਲਖਵਿੰਦਰ ਸਿੰਘ ਅਤੇ ਸੁਨੀਲ ਸਰਧਾਨੀਆਂ ਨੂੰ ਉਤਰਦਿਆਂ ਹੀ ਗੁਰੂਗ੍ਰਾਮ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਤੁਰੰਤ ਗ੍ਰਿਫ਼ਤਾਰ ਕਰ ਲਿਆ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਇਨ੍ਹਾਂ ਉੱਤੇ ਕੇਸ ਦਰਜ ਹਨ।

ਇਨ੍ਹਾਂ ਵਿੱਚੋਂ ਕਈ ਤਾਂ ਅਜਿਹੇ ਸਨ, ਜਿਨ੍ਹਾਂ ਦਾ ਸਿਆਸੀ ਸ਼ਰਨ ਦੇ ਕੇਸ ਚੱਲ ਰਹੇ ਸਨ। ਜਦੋਂ ਇਹ ਕੋਰਟ ਵਿੱਚ ਪੇਸ਼ੀ ਉੱਤੇ ਆਏ ਤਾਂ ਪੁਲਿਸ ਨੇ ਹਿਰਾਸਤ ਵਿੱਚ ਲਿਆ ਅਤੇ ਡਿਟੈਂਸ਼ਨ ਸੈਂਟਰਾਂ ਵਿੱਚ ਸੁੱਟ ਦਿੱਤਾ।
ਵਾਪਸ ਆਏ ਮੁੰਡਿਆਂ ਨੇ ਦੱਸਿਆ ਹੈ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਅਮਰੀਕਾ ਦੇ ਡਿਟੈਂਸ਼ਨ ਕੈਂਪਾਂ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਨੂੰ 50-50 ਦੇ ਗਰੁੱਪ ਵਿੱਚ ਭੇਜੇ ਹੋਏ ਹਨ।
ਡਿਟੈਂਸ਼ਨ ਸੈਂਟਰਾਂ ਦੇ ਹਾਲਾਤ :
ਵਾਪਸ ਭੇਜੇ ਗਏ ਨੌਜਵਾਨਾਂ ਨੇ ਦੱਸਿਆ ਕਿ ਅਮਰੀਕਾ ਦੇ ਡਿਟੈਂਸ਼ਨ ਸੈਂਟਰਾਂ ਵਿੱਚ ਅਣਮਨੁੱਖੀ ਵਿਹਾਰ ਕੀਤਾ ਜਾ ਰਿਹਾ ਹੈ। ਬੁੱਲ੍ਹ ਗਿੱਲੇ ਕਰਨ ਜੋਗਾ ਪਾਣੀ ਦਿੱਤਾ ਜਾਂਦਾ ਹੈ। ਸਿਰਫ਼ ਮਾਸ ਖਾਣ ਨੂੰ ਦਿੱਤਾ ਜਾਂਦਾ। ਮਾਸ ਖਾਣ ਤੋਂ ਮਨ੍ਹਾਂ ਕਰਦੇ ਤਾਂ ਸੁੱਕੀਆਂ ਰੋਟੀਆਂ ਦਿੱਤੀਆਂ ਜਾਂਦੀਆਂ ਹਨ।
ਜਦੋਂ ਗਰਮੀ ਹੁੰਦੀ ਹੈ ਤਾਂ ਹੀਟਰ ਲਾ ਦਿੰਦੇ ਹਨ ਅਤੇ ਜਦੋਂ ਠੰਢ ਹੁੰਦੀ ਹੈ ਤਾਂ ਏਸੀ ਲਾ ਦਿੰਦੇ ਹਨ।
ਕਿੱਥੇ ਸਭ ਤੋਂ ਵੱਧ ਖ਼ਤਰਾ
ਰਿਪੋਰਟਾਂ ਆ ਰਹੀਆਂ ਹਨ ਕਿ ਪੂਰੇ ਅਮਰੀਕਾ ਵਿੱਚ ਛਾਪੇਮਾਰੀ ਹੋ ਰਹੀ ਹੈ। ਕੈਲੇਫੋਰਨੀਆਂ, ਨਿਊਯਾਰਕ, ਸ਼ਿਕਾਗੋ ਅਤੇ ਫੋਲਰਿਡਾ ਵਿੱਚ ਹਾਲਾਤ ਸਭ ਤੋਂ ਵੱਧ ਮੁਸ਼ਕਿਲ਼ਾਂ ਹਨ। ਟਰੱਕ ਚਾਲਕਾਂ, ਗਰੋਸਰੀ ਸਟੋਰਾਂ ਵਿੱਚ ਕੰਮ ਕਰਨ ਵਾਲੇ ਅਤੇ ਸ਼ਰਾਬ ਦੇ ਕੰਮ ਕਰਨ ਵਾਲੇ ਜਿਆਦਾ ਨਿਸ਼ਾਨੇ ਉੱਤੇ ਹਨ।
ਡਰਾਇਵਰਾਂ ਨੂੰ ਤਾਂ ਇਹ ਕਹਿ-ਕਹਿ ਚੁੱਕੀ ਜਾ ਰਹੇ ਹਨ ਕਿ ਤੁਹਾਨੂੰ ਅੰਗਰੇਜੀ ਨਹੀਂ ਆਉਂਦੀ, ਉਹ ਨਿਯਮ ਨਹੀਂ ਜਾਣ ਸਕਦੇ। ਇਸ ਲਈ ਹਾਦਸੇ ਹੋ ਰਹੇ ਹਨ। ਪੰਜਾਬੀ ਜਾਂ ਸਿੱਖ ਨੌਜਵਾਨਾਂ ਦੇ ਵਾਹਨਾਂ ਦੇ ਪਿਛਲੇ ਸਮੇਂ ਦੌਰਾਨ ਹੋਏ ਸੜਕ ਹਾਦਸਿਆਂ ਨੇ ਇਸ ਰੁਝਾਨ ਦੀ ਅੱਗ ਵਿੱਚ ਘਿਓ ਪਾਉਣ ਦਾ ਕੰਮ ਕੀਤਾ ਹੈ।

ਇਸ ਤੋਂ ਦੇ ਨਾਲ –ਨਾਲ ਸਾਡੇ ਲੋਕਾਂ ਦੀ ਫੁਕਰਾਗਰਦੀ ਵੀ ਇਹ ਰੁਝਾਨ ਦਾ ਕਾਰਨ ਬਣਦੀ ਹੈ। ਮੈਕਸੀਕੋ ਬਾਡਰਡ ਟੱਪ ਕੇ ਥਾਪੀਆਂ ਮਾਰਦੇ ਵੀਡੀਓ ਸੋਸ਼ਲ ਮੀਡੀਆ ਉੱਤੇ ਪਾਉਣੇ, ਖਾਸ ਕਿਸਮ ਦੇ ਸਟਿੱਕਰ ਲਾ ਗੱਡੀਆਂ ਭਜਾਉਣੇ, ਬੱਸਾਂ ਵਿੱਚ ਨਾਅਰੇ ਲਾਉਣੇ, ਮਾਰਕੀਟਾਂ ਵਿੱਚ ਗੱਡੀਆਂ ਦੇ ਸਟੰਟ ਕਰਨੇ, ਗਰੋਸਰੀ ਸਟੋਰਾਂ ਵਿੱਚੋਂ ਘਿਓ ਤੇ ਦਾਰੂ ਚੋਰੀ ਕਰਨੇ। ਗੈਂਗ ਵਿੱਚ ਸ਼ਾਮਲ ਹੋਵੇ ਬਦਮਾਸ਼ੀਆਂ ਕਰਨੀਆਂ ਅਜਿਹੇ ਕੰਮ ਹਨ, ਜੋ ਕਰਦੇ ਤਾਂ 1-2 ਪਰਸੈਂਟ ਹਨ, ਪਰ ਬਦਨਾਮ ਪੂਰੀ ਕਮਿਊਨਿਟੀ ਨੂੰ ਕਰ ਦਿੰਦਾ ਹੈ।
ਟਰੰਪ ਜਦੋਂ ਦੂਜੀ ਵਾਰ ਰਾਸ਼ਟਰਪਤੀ ਬਣਿਆ ਸੀ, ਉਸ ਨੇ ਤਾਂ ਉਦੋਂ ਹੀ ਐਲਾਨ ਕਰ ਦਿੱਤਾ ਸੀ ਕਿ ਗੈਰ ਕਾਨੂੰਨੀ ਪਰਵਾਸੀਆਂ ਨੂੰ ਮੁਲਕ ਵਿੱਚ ਰਹਿਣ ਨਹੀ ਦੇਵੇਗਾ. ਕਿਹਾ ਜਾ ਰਿਹਾ ਹੈ ਕਿ 2025 ਤੱਕ 6 ਲੱਖ ਪਰਵਾਸੀਆਂ ਨੂੰ ਬਾਹਰ ਕੀਤਾ ਜਾਵੇਗਾ। ਇਸ ਲਈ ਜੇਕਰ ਦਿੱਲੀ ਜਾਂ ਅੰਮ੍ਰਿਤਸਰ ਦੇ ਹਵਾਈ ਅੱਡੇ ਉੱਤੇ ਹਥਕੜੀਆਂ-ਬੇੜੀਆਂ ਵਿੱਚ ਜਕੜੇ ਭਾਰਤੀਆਂ ਨੂੰ ਲੈ ਕੇ ਅਮਰੀਕੀ ਜਹਾਜ਼ ਉਤਰੇ ਤਾਂ ਹੈਰਾਨ ਨਾ ਹੋਣਾ।
ਕਿਉਂਕਿ ਨਾ ਉੱਥੇ ਹੁਣ ਨਰਿੰਦਰ ਮੋਦੀ ਦੀ ਡੌਨਲਡ ਟਰੰਪ ਨਾਲ ਯਾਰੀ ਕੰਮ ਆ ਰਹੀ ਹੈ, ਨਾ ਭਾਰਤ ਦਾ ਸੰਸਾਰ ਦੀ ਸਭ ਤੋਂ ਵੱਡੀ ਮੰਡੀ ਹੋਣਾ। ਉਹ ਤਾਂ ਖੈਰ ਚੁੱਪ ਹੀ ਹਨ, ਜੋ ਭਾਰਤ ਵਿੱਚ ਅਣਮਨੁੱਖੀ ਤਸ਼ੱਸ਼ਦ ਹੋਣ ਦੀਆਂ ਰੋਜ਼ ਵੀਡੀਓ ਪਾਉਂਦੇ ਹਨ।

