ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਦੇ ਸਾਕਾ ਨੀਲਾ ਤਾਰਾ ਬਾਰੇ ਤਾਜਾ ਬਿਆਨ ਨੇ ਕਾਂਗਰਸ ਲਈ ਨਵਾਂ ਪੰਗਾ ਪਾ ਦਿੱਤਾ ਹੈ।
ਉਹ ਕਸੌਲੀ ਵਿੱਚ ਖੁਸ਼ਵੰਤ ਸਿੰਘ ਲਿਟਰੇਚਰ ਫੈਸਟੀਵਲ ਦੌਰਾਨ ਪੱਤਰਕਾਰ ਹਰਿੰਦਰ ਬਵੇਜਾ ਦੀ ਕਿਤਾਬ ਦੇ ‘‘ਵਿਲ ਕਿਲ ਯੂ ਮੈਡਮ’’ ਦੇ ਹਵਾਲੇ ਨਾਲ ਚਰਚਾ ਕਰ ਰਹੇ ਸਨ।
ਪੀ ਚਿਦੰਬਰਮ ਨੇ ਕਿਹਾ, ‘‘ਮੈਂ ਕਿਸੇ ਫੌਜੀ ਅਫ਼ਸਰ ਦੀ ਬੇਇੱਜ਼ਤੀ ਨਹੀਂ ਕਰਦਾ ਪਰ ਜਿਸ ਤਰੀਕੇ ਨਾਲ ਆਪਰੇਸ਼ਨ ਬਲੂ ਸਟਾਰ ਕੀਤਾ ਗਿਆ, ਉਹ ਬੇਹੱਦ ਗ਼ਲਤ ਸੀ। ਗੋਲਡਨ ਟੈਂਪਲ ਬਲੂ ਸਟਾਰ ਗ਼ਲਤ ਰਸਤਾ ਸੀ ਅਤੇ ਮੈਂ ਸਮਝਦਾ ਹਾਂ ਕਿ ਇੰਦਰਾ ਗਾਂਧੀ ਨੇ ਇਸ ਦੀ ਕੀਮਤ ਆਪਣੀ ਜਾਨ ਦੇ ਅਦਾ ਕੀਤੀ ਹੈ।’’
ਪੀ ਚਿਦੰਬਰਮ ਨੇ ਕਿਹਾ ਨੇ ਅੱਗੇ ਕਿਹਾ, ‘‘ਉਸ ਤੋਂ ਤਿੰਨ –ਚਾਰ ਸਾਲ ਬਾਅਦ ਅਸੀਂ ਸਹੀ ਤਰੀਕਾ ਅਪਣਾਇਆ, ਬਲੈਕ ਥੰਡਰ ਦੌਰਾਨ ਵੀ ਖਾੜਕੂਆਂ ਨੂੰ ਬਾਹਰ ਕੱਢਿਆ ਗਿਆ, ਪਰ ਇਸ ਦਾ ਮਤਲਬ ਇਹ ਨਹੀਂ ਕਿ ਆਪਰੇਸ਼ਨ ਬਲੈਕ ਥੰਡਰ ਸਹੀ ਸੀ।’’
ਚਿਦੰਬਰਮ ਦਾ ਕਹਿਣਾ ਸੀ ਕਿ ਇੰਦਰਾ ਗਾਂਧੀ ਇਕੱਲੀ ਆਪਰੇਸ਼ਨ ਬਲੂ ਸਟਾਰ ਲਈ ਜਿੰਮੇਵਾਰ ਨਹੀਂ ਸੀ। ਇਸ ਵਿੱਚ ਏਜੰਸੀਆਂ,ਖੁਫੀਆ ਤੰਤਰ ਅਤੇ ਫੌਜੀ ਅਧਿਕਾਰੀ ਵੀ ਜਿੰਮੇਵਾਰ ਸਨ।
ਵਿਰੋਧੀ ਧਿਰਾਂ ਨੇ ਤਿੱਖਾ ਪ੍ਰਤੀਕਰਮ
ਆਮ ਆਦਮੀ ਪਾਰਟੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸਿੱਖ ਸਾਕਾ ਨੀਲਾ ਤਾਰਾ ਨੂੰ ਕਦੇ ਨਹੀਂ ਭੁਲਾ ਸਕਦੇ। ਕਾਂਗਰਸ ਨੇ ਹੁਣ ਆਪਣੀ ਗਲਤੀ ਮੰਨ ਲਈ ਹੈ।
ਉੱਧਰ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਕਿਰਨ ਰਿਜਜੂ ਨੇ ਕਿਹਾ ਕਿ ਕਾਂਗਰਸ ਨੇ ਗਲਤੀਆਂ ਦੇਰ ਨਾਲ ਮੰਨੀਆਂ ਹਨ। ਪਹਿਲਾਂ ਇਨ੍ਹਾਂ ਮੰਨਿਆ ਸੀ ਕਿ ਮੁੰਬਈ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਕਾਂਗਰਸ ਸਰਕਾਰ ਨੇ ਵਿਦੇਸ਼ੀ ਦਬਾਅ ਤੋਂ ਡਰਦਿਆਂ ਕਾਰਵਾਈ ਨਹੀਂ ਕੀਤੀ ਸੀ। ਹੁਣ ਇਨ੍ਹਾਂ ਮੰਨ ਲਿਆ ਕਿ ਆਪਰੇਸ਼ਨ ਬਲੂ ਸਟਾਰ ਗਲਤੀ ਸੀ।
ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਹਰਿੰਦਰ ਬਵੇਜਾ ਨੇ ਸਹੀ ਸਵਾਲ ਕੀਤਾ ਕਿ ਆਪਰੇਸ਼ਨ ਬਲੂ ਸਟਾਰ ਦੇ ਹੁਕਮਾਂ ਉੱਤੇ ਦਸਤਖ਼ਤ ਇੰਦਰਾ ਗਾਂਧੀ ਨੇ ਹੀ ਪ੍ਰਧਾਨ ਮੰਤਰੀ ਵਜੋਂ ਕੀਤਾ ਜਾਵੇਗਾ।

