ਚੰਡੀਗੜ੍ਹ/ਬਿਊਰੋ ਨਿਊਜ਼
ਤਰਨਤਾਰਨ ਵਿਚ ਵਿਧਾਨ ਸਭਾ ਦੀ ਹੋਣ ਵਾਲੀ ਜ਼ਿਮਨੀ ਚੋਣ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਖਿਲਾਫ ਇਤਰਾਜ਼ਯੋਗ ਟਿੱਪਣੀ ਕਰ ਦਿੱਤੀ ਸੀ।
ਇਸ ਨੂੰ ਲੈ ਕੇ ਐਸ.ਸੀ. ਕਮਿਸ਼ਨ ਨੇ ਵੜਿੰਗ ਨੂੰ ਅੱਜ 6 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ, ਪਰ ਉਹ ਪੇਸ਼ ਨਹੀਂ ਹੋਏ। ਇਸਦੇ ਚੱਲਦਿਆਂ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਦੇ ਸਾਹਮਣੇ ਰਾਜਾ ਵੜਿੰਗ ਦੇ ਵਕੀਲ ਪੇਸ਼ ਹੋਏ ਅਤੇ ਉਨ੍ਹਾਂ ਦੱਸਿਆ ਕਿ ਰਾਜਾ ਵੜਿੰਗ ਤਰਨਤਾਰਨ ਦੀ ਜ਼ਿਮਨੀ ਚੋਣ ਤੋਂ ਬਾਅਦ ਹੀ ਪੇਸ਼ ਹੋ ਸਕਦੇ ਹਨ।
ਇਸੇ ਦੌਰਾਨ ਜਸਬੀਰ ਸਿੰਘ ਗੜ੍ਹੀ ਨੇ ਵਕੀਲ ਨੂੰ ਕਿਹਾ ਕਿ ਰਾਜਾ ਵੜਿੰਗ ਵਲੋਂ ਜਾਰੀ ਕੀਤਾ ਗਿਆ ਵਕਾਲਤਨਾਮਾ ਦਿਓ। ਦੱਸਣਯੋਗ ਹੈ ਕਿ ਵੜਿੰਗ ਵਲੋਂ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਖਿਲਾਫ ਕੀਤੀ ਗਈ ਜਾਤੀਵਾਦੀ ਟਿੱਪਣੀ ਤੋਂ ਬਾਅਦ ਸਿਆਸੀ ਮਾਹੌਲ ਵੀ ਗਰਮਾਇਆ ਰਿਹਾ ਅਤੇ ਕਾਂਗਰਸ ਪਾਰਟੀ ਅੰਦਰੋਂ ਵੀ ਵੜਿੰਗ ਖਿਲਾਫ ਆਵਾਜ਼ ਉਠਣੀ ਸ਼ੁਰੂ ਹੋ ਗਈ ਹੈ।

