ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀਤੇ ਗਏ ਫੈਸਲੇ ਨੂੰ ਇਕ ਸਾਜਿਸ਼ ਦੱਸਿਆ ਸੀ। ਇਸਦੇ ਚੱਲਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਬਾਦਲ ਦੀ ਇਸ ਗੱਲ ਨੂੰ ਚੁਣੌਤੀ ਦਿੱਤੀ ਹੈ। ਸਾਬਕਾ ਜਥੇਦਾਰ ਨੇ ਕਿਹਾ ਕਿ ਸੁਖਬੀਰ ਬਾਦਲ ਇਹ ਗੱਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਤੇ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਆ ਕੇ ਕਹਿਣ ਅਤੇ ਸੰਗਤ ਦੇ ਸਾਹਮਣੇ ਸਾਬਤ ਕਰ ਦੇਣ ਤਾਂ ਉਹ ਹਰ ਤਰ੍ਹਾਂ ਦੀ ਸਜ਼ਾ ਵਾਸਤੇ ਤਿਆਰ ਹਨ। ਗਿਆਨੀ ਰਘਬੀਰ ਸਿੰਘ ਨੇ ਇਹ ਪ੍ਰਤੀਕਰਮ ਇੱਕ ਵੀਡੀਓ ਸੁਨੇਹੇ ਰਾਹੀਂ ਜਾਰੀ ਕੀਤਾ। ਹਾਲ ਹੀ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਉਨ੍ਹਾਂ ਨੂੰ ਇੱਕ ਸਾਜ਼ਿਸ਼ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਾਈ ਗਈ ਸੀ। ਇਸ ਸਬੰਧੀ ਲਾਏ ਗਏ ਇਲਜ਼ਾਮ ’ਤੇ ਪ੍ਰਤੀਕਰਮ ਦਿੰਦਿਆਂ ਸਾਬਕਾ ਜਥੇਦਾਰ ਨੇ ਆਖਿਆ ਕਿ 2 ਦਸੰਬਰ 2024 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਤੇ ਸੰਗਤ ਦੀ ਹਾਜ਼ਰੀ ਵਿੱਚ ਪੰਜ ਸਿੰਘ ਸਾਹਿਬਾਨ ਵੱਲੋਂ ਲਾਈ ਗਈ ਤਨਖਾਹ ਨੂੰ ਸਾਜਿਸ਼ ਕਰਾਰ ਦੇਣਾ ਸ੍ਰੀ ਅਕਾਲ ਤਖ਼ਤ ਸਾਹਿਬ ਦੀਆ ਪਰੰਪਰਾਵਾਂ ਅਤੇ ਮਰਿਆਦਾ ਦੀ ਘੋਰ ਉਲੰਘਣਾ ਹੈ।
ਤਨਖਾਹ ਲਾਉਣ ਨੂੰ ‘ਸਾਜਿਸ਼’ ਦੱਸਣ ’ਤੇ ਰਘਬੀਰ ਸਿੰਘ ਵੱਲੋਂ ਸੁਖਬੀਰ ਨੂੰ ਚੁਣੌਤੀ

