ਨਵੀਂ ਦਿੱਲੀ/ਬਿਊਰੋ ਨਿਊਜ਼- ਭਾਰਤ ਨੇ ਪਾਕਿਸਤਾਨ ਦੇ ਫੌਜ ਮੁਖੀ ਆਸਿਮ ਮੁਨੀਰ ਦੀ ਤਾਜ਼ਾ ਧਮਕੀ ਦੇ ਹਵਾਲੇ ਨਾਲ ਕਿਹਾ ਕਿ ਉਹ ਕਿਸੇ ਵੀ ਪ੍ਰਮਾਣੂ ਬਲੈਕਮੇਲ ਅੱਗੇ ਨਹੀਂ ਝੁਕੇਗਾ। ਅਮਰੀਕਾ ਦੌਰੇ ’ਤੇ ਗਏ ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਇਸਲਾਮਾਬਾਦ ਦੀ ਪ੍ਰਮਾਣੂ ਤਾਕਤ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਜੇ ਅਸੀਂ ਆਪਣੀ ਆਈ ’ਤੇ ਆ ਗਏ ਤਾਂ ਅੱਧੀ ਦੁਨੀਆ ਨੂੰ ਤਬਾਹ ਕਰ ਦੇਵਾਂਗੇ।
ਉਧਰ ਦੂਜੇ ਪਾਸੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਅਮਰੀਕਾ ਦੌਰੇ ’ਤੇ ਗਏ ਪਾਕਿ ਫੌਜ ਮੁਖੀ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਭਾਰਤ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਉਹ ਪ੍ਰਮਾਣੂ ਬਲੈਕਮੇਲ ਅੱਗੇ ਨਹੀਂ ਝੁਕੇਗਾ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਕੌਮੀ ਸੁਰੱਖਿਆ ਦੀ ਰੱਖਿਆ ਲਈ ਜ਼ਰੂਰੀ ਕਦਮ ਚੁੱਕਦੇ ਰਹਾਂਗੇ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਅਫਸੋਸਨਾਕ ਹੈ ਕਿ ਇਹ ਟਿੱਪਣੀਆਂ ਇਕ ਦੋਸਤਾਨਾ ਤੀਜੇ ਮੁਲਕ ਅਮਰੀਕਾ ਦੀ ਧਰਤੀ ਤੋਂ ਕੀਤੀਆਂ ਗਈਆਂ ਹਨ।

