ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੌਰਾਨ ਸਿਹਤ ਬੀਮਾ ਯੋਜਨਾ ਦਾ ਐਲਾਨ ਕੀਤਾ ਗਿਆ
ਚੰਡੀਗੜ੍ਹ/ਬਿਊਰੋ ਨਿਊਜ਼
ਇਸ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਨੇ ਸਿਹਤ ਸਹੂਲਤਾਂ ਨੂੰ ਲੈ ਵੱਡੇ ਐਲਾਨ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਕ ਹਜ਼ਾਰ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ।
ਉਨ੍ਹਾਂ ਅੱਗੇ ਕਿਹਾ ਕਿ ਭਲਕੇ 23 ਸਤੰਬਰ ਤੋਂ 10 ਲੱਖ ਰੁਪਏ ਵਾਲੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਜਾਵੇਗੀ ਤੇ ਇਸ ਸੰਬੰਧੀ ਰਜਿਸਟ੍ਰੇਸ਼ਨ ਤਰਨਤਾਰਨ ਤੇ ਬਰਨਾਲਾ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਦੋ ਜ਼ਿਲ੍ਹਿਆਂ ਵਿੱਚ ਪਾਇਲਟ ਪ੍ਰੋਜੈਕਟ ਵਾਂਗ ਸ਼ੁਰੂ ਹੋਵੇਗੀ ਅਤੇ ਇਸ ਤੋਂ ਫੀਡ ਬੈਕ ਮਿਲਣ ਤੋਂ ਬਾਅਦ ਲੋੜੀਂਦੀਆਂ ਸੋਧਾਂ ਕਰ ਕੇ ਪੂਰੇ ਸੂਬੇ ਵਿੱਚ ਲਾਗੂ ਕੀਤੀ ਜਾਵੇਗੀ।
ਮੁੱਖ ਮੰਤਰੀ ਮੁਤਾਬਕ ਇਸ ਸਕੀਮ ਤਹਿਤ ਹਰ ਪਰਿਵਾਰ ਦਾ ਇੱਕ ਕਾਰਡ ਬਣੇਗਾ ਅਤੇ ਇਸ ਵਿੱਚ ਸਾਰੇ ਮੈਂਬਰਾਂ ਦੇ ਨਾਂ ਦਰਜ ਹੋਣਗੇ। ਮੈਂਬਰਾਂ ਦੀ ਗਿਣਤੀ ਕੋਈ ਵੀ ਹੋ ਸਕਦੀ ਹੈ, ਕੋਈ ਸੀਮਾਂ ਨਹੀਂ ਹੈ, ਸਾਰੇ ਹੀ ਮੈਂਬਰ ਸ਼ਾਮਲ ਹੋਣਗੇ।
ਰਜਿਸ਼ਟੇਸ਼ਨ ਲਈ ਸਿਰਫ਼ ਅਧਾਰ ਕਾਰਡ, ਵੋਟਰ ਕਾਰਡ ਜਾਂ ਪਾਸਪੋਰਟ ਦੀ ਕਾਪੀ ਵਿੱਚੋਂ ਇੱਕ ਸਬੂਤ ਦੀ ਹੋਵੇਗੀ।
ਇਹ ਪ੍ਰਕਿਰਿਆ ਬਹੁਤ ਸੌਖੀ ਹੋਵੇਗੀ। ਜਿਸ ਵਿੱਚ ਸਾਰੇ ਸਰਕਾਰੀ ਹਸਪਤਾਲ ਅਤੇ 500 ਨਿੱਜੀ ਹਸਪਤਾਲ ਸ਼ਾਮਲ ਹਨ। ਜਿਨ੍ਹਾਂ ਦੀ ਗਿਣਤੀ ਇੱਕ ਹਜ਼ਾਰ ਤੱਕ ਕੀਤੀ ਜਾਵੇਗੀ।
ਇਸ ਲਈ ਆਧਾਰ ਕਾਰਡ, ਪਾਸਪੋਰਟ ਜਾਂ ਵੋਟਰ ਕਾਰਡ ਲਿਆ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਇਸੇ ਦੌਰਾਨ ਰਾਸ਼ਨ ਕਾਰਡ ਕੱਟਣ ਨੂੰ ਲੈ ਕੇ ਸੀਐਮ ਮਾਨ ਨੇ ਕਿਹਾ ਕਿ ਅਸੀਂ ਕਿਸੇ ਦਾ ਵੀ ਕਾਰਡ ਕੱਟਣ ਨਹੀਂ ਦਿਆਂਗੇ।
ਜੀ.ਐਸ.ਟੀ. ਸੰਬੰਧੀ ਕੇਂਦਰ ਸਰਕਾਰ ’ਤੇ ਸਵਾਲ ਚੁੱਕਿਆਂ ਮਾਨ ਨੇ ਕਿਹਾ ਕਿ ਉਹ ਪਹਿਲਾਂ ਆਪ ਹੀ ਜੀਐਸਟੀ ਲੈ ਕੇ ਆਏ ਤੇ ਹੁਣ ਖ਼ੁਦ ਹੀ ਇਸ ਨੂੰ ਘਟਾ ਕੇ ਮਾਸਟਰ ਸਟ੍ਰੋਕ ਕਹਿ ਰਹੇ ਹਨ। ਝੋਨੇ ਦੀ ਪਰਾਲੀ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਨੂੰ ਮਸ਼ੀਨਾਂ ਦਿੱਤੀਆਂ ਜਾਣਗੀਆਂ।

