ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸੈਨੇਟ ਚੋਣਾਂ ਨੂੰ ਲੈ ਕੇ ਯੂਨੀਵਰਸਿਟੀ ਬਚਾਓ ਮੋਰਚੇ ਨੇ 25 ਨਵੰਬਰ ਤੱਕ ਅਲਟੀਮੇਟਮ ਦਿੱਤਾ ਹੈ।
ਮੋਰਚੇ ਨੇ ਕਿਹਾ ਕਿ ਜੇਕਰ 25 ਨਵੰਬਰ ਤੱਕ ਸੈਨੇਟ ਚੋਣਾਂ ਸਬੰਧੀ ਤਰੀਕ ਦਾ ਐਲਾਨ ਨਾ ਹੋਇਆ ਤਾਂ 26 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਕੈਂਪਸ ਬੰਦ ਕਰਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਪੀਯੂ ਅਥਾਰਿਟੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਮੋਰਚੇ ਨੇ ਇਹ ਐਲਾਨ ਪੰਜਾਬ ਦੀਆਂ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਤੇ ਸਮਾਜਿਕ ਕਾਰਕੁੰਨਾਂ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਕੀਤਾ ਹੈ।
ਵਿਦਿਆਰਥੀ ਆਗੂੁਆਂ ਦਾ ਕਹਿਣਾ ਸੀ ਕਿ ਸੈਨੇਟ ਚੋਣਾਂ ਸਬੰਧੀ ਚੱਲ ਰਹੇ ਸੰਘਰਸ਼ ਦਾ ਮੁੱਖ ਟਕਰਾਅ ਕੇਂਦਰ ਵਿਚਲੀ ਮੋਦੀ ਸਰਕਾਰ ਨਾਲ ਹੈ। ਇਸ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਭਾਜਪਾ ਦੇ ਦਫਤਰਾਂ ਦਾ ਘਿਰਾਓ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ।
3 ਯੂਨੀਵਰਸਿਟੀਆਂ ਦਾ ਕੌਮਨ ਕੈਲੰਡਰ
ਪੰਜਾਬ ਦੀਆਂ ਤਿੰਨੋਂ ਯੂਨੀਵਰਸਿਟੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਹੁਣ ਕੌਮਨ ਕੈਲੰਡਰ ਤਹਿਤ ਚੱਲਣਗੀਆਂ।
ਇਨ੍ਹਾਂ ਤਿੰਨਾਂ ਯੂਨੀਵਰਸਿਟੀਆਂ ਵਿਚ ਦਾਖਲਾ ਪ੍ਰਕਿਰਿਆ ਵੀ ਪੰਜਾਬ ਸਰਕਾਰ ਦੇ ਐਡਮਿਸ਼ਨ ਪੋਰਟਲ ਮੁਤਾਬਕ ਹੀ ਹੋਣਗੇ। ਉਚ ਸਿੱਖਿਆ ਵਿਭਾਗ ਨੇ ਤਿੰਨੋਂ ਯੂਨੀਵਰਸਿਟੀਆਂ ਨੂੰ ਇਸ ਸਬੰਧ ਵਿਚ ਪੱਤਰ ਜਾਰੀ ਕਰਕੇ ਦਿਸ਼ਾ ਨਿਰਦੇਸ਼ ਵੀ ਦੇ ਦਿੱਤੇ ਹਨ।
ਪੰਜਾਬ ਦੀਆਂ ਇਨ੍ਹਾਂ ਤਿੰਨੋਂ ਯੂਨੀਵਰਸਿਟੀਆਂ ਅਤੇ ਉਨ੍ਹਾਂ ਨਾਲ ਸਬੰਧਤ ਕਾਲਜਾਂ ਵਿਚ ਅਗਲੇ ਵਿਦਿਅਕ ਸੈਸ਼ਨ 2026-27 ਤੋਂ ਐਡਮਿਸ਼ਨ ਪ੍ਰੋਸੈਸ ਪੂਰੀ ਤਰ੍ਹਾਂ ਨਾਲ ਆਨਲਾਈਨ ਹੋ ਜਾਵੇਗੀ।
ਇਸਦੇ ਚੱਲਦਿਆਂ ਇਨ੍ਹਾਂ ਯੂਨੀਵਰਸਿਟੀਆਂ ਅਤੇ ਉਨ੍ਹਾਂ ਨਾਲ ਸਬੰਧਤ ਕਾਲਜਾਂ ਵਿਚ ਕੋਰਸਾਂ ਦੇ ਦਾਖਲੇ, ਛੁੱਟੀਆਂ ਅਤੇ ਇਮਤਿਹਾਨਾਂ ਦੀਆਂ ਤਰੀਕਾਂ ਇਕੋ ਜਿਹੀਆਂ ਹੋਣਗੀਆਂ।
ਹਾਇਰ ਐਜੂਕੇਸ਼ਨ ਡਿਪਾਰਟਮੈਂਟ ਨੇ ਇਸ ਸਬੰਧੀ ਪੱਤਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਦੀ ਕਾਲਜ ਡਿਵੈਲਪਮੈਂਟ ਕਾਊਂਸਲ ਨੂੰ ਭੇਜ ਦਿੱਤਾ ਹੈ।

