ਚੰਡੀਗੜ੍ਹ/ਬਿਊਰੋ ਨਿਊਜ਼:-ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ ਦੂਜੇ ਦਿਨ ਹੰਗਾਮਿਆਂ ਭਰਪੂਰ ਰਿਹਾ ਹੈ ਅਤੇ ਦੁਪਹਿਰ 2 ਵੱਜ ਕੇ 20 ਮਿੰਟ ’ਤੇ ਇਜਲਾਸ ਨੂੰ ਸੋਮਵਾਰ ਤੱਕ ਉਠਾ ਦਿੱਤਾ ਗਿਆ। ਅੱਜ ਦੂਜੇ ਦਿਨ ਇਜਲਾਸ ਦੀ ਕਾਰਵਾਈ ਦੌਰਾਨ ਜਿੱਥੇ ਵਿਰੋਧੀ ਧਿਰ ਨੇ ਖੂਬ ਹੰਗਾਮਾ ਕੀਤਾ, ਉਥੇ ਹੀ ਬੀ.ਬੀ.ਐਮ.ਬੀ. ਅਤੇ ਸੀ.ਆਈ.ਐਸ.ਐਫ. ਨੂੰ ਡੈਮਾਂ ਦੀ ਸੁਰੱਖਿਆ ਨਾ ਦੇਣ ਦਾ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ।
ਇਸਦੇ ਨਾਲ ਹੀ ਹੋਰ ਵੀ ਕਈ ਮਤੇ ਪੇਸ਼ ਕੀਤੇ ਗਏ। ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਨੋਕ ਝੋਕ ਵੀ ਹੋਈ। ਸੀਐਮ ਨੇ ਪਾਣੀਆਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਸਾਨੂੰ ਆਪਸ ਵਿਚ ਲੜਾ ਕੇ ਸਾਡੇ ਹੱਕ ਖੋਹ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਨਾਲ ਸਾਡੀਆਂ ਰਿਸ਼ਤੇਦਾਰੀਆਂ ਵੀ ਹਨ।
ਮਾਨ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰਿਆਂ ਨੂੰ ਲੈ ਕੇ ਵੀ ਤੰਜ ਕਸਿਆ। ਇਸੇ ਦੌਰਾਨ ਸਦਨ ਵਿਚ ਕਾਰਵਾਈ ਦੌਰਾਨ ਵਿਰੋਧੀ ਧਿਰ ਵਲੋਂ ਕੀਤੇ ਜਾ ਰਹੇ ਹੰਗਾਮੇ ਤੋਂ ਬਾਅਦ ਸਦਨ ਨੂੰ ਸੋਮਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ। ਹੁਣ ਸਦਨ ਦੀ ਕਾਰਵਾਈ ਸੋਮਵਾਰ ਦੁਪਹਿਰ ਤੋਂ ਸ਼ੁਰੂ ਹੋਵੇਗੀ ਅਤੇ ਕਈ ਮੁੱਦਿਆਂ ’ਤੇ ਬਹਿਸ ਵੀ ਹੋਵੇਗੀ। ਸੰਧਵਾਂ ਨੇ ਦੱਸਿਆ ਕਿ 14 ਅਤੇ 15 ਜੁਲਾਈ ਨੂੰ ਵਿਧਾਨਿਕ ਅਤੇ ਹੋਰ ਕੰਮਕਾਰ ਹੋਣਗੇ।

