ਭਾਰਤ ਅਤੇ ਬ੍ਰਿਟਿਸ ਸਰਕਾਰ ਨੇ 1880 ਤੋਂ 2001 ਤੱਕ 121 ਸਾਲਾਂ ਦੌਰਾਨ ਕੋਲਾਰ ਗੋਲਡ ਫੀਲਡ (ਕੇ.ਜੀ.ਐੱਫ.) ’ਤੋਂ 900 ਟਨ ਤੋਂ ਵੱਧ ਸੋਨਾ ਕੱਢਿਆ ਸੀ। 2001 ’ਤੋਂ ਗੋਲਡ ਮਾਈਨਿੰਗ ਤੇ ਰੋਕ ਲੱਗ ਗਈ ਸੀ। ਕੇ.ਜੀ.ਐੱਫ. ਨੂੰ ਇਕ ਸਮੇਂ “ਸੋਨੇ ਦਾ ਸ਼ਹਿਰ” ਅਤੇ “ਮਿੰਨੀ ਇੰਗਲੈਂਡ” ਕਿਹਾ ਜਾਂਦਾ ਸੀ।
ਆਜ਼ਾਦੀ ਤੋਂ ਕਈ ਸਾਲ ਪਹਿਲਾਂ ਇਥੋਂ ਦੇ ਲੋਕਾਂ ਤੱਕ ਉਹ ਸਾਰੀਆਂ ਸੁਵਿਧਾਵਾਂ ਪਹੁੰਚ ਚੁੱਕੀਆਂ ਸਨ, ਜੋ ਉਸ ਸਮੇਂ ਦੇ ਕੁਝ ਗਿਣੇ-ਚੁਣੇ ਸ਼ਹਿਰਾਂ ’ਚ ਹੀ ਮਿਲਦੀਆਂ ਸਨ ਪਰ ਹੁਣ ਇਸ ਨੂੰ ਭੂਤਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਪਿਛਲੇ 24 ਸਾਲਾਂ ’ਚ ਕੋਲਾਰ ਗੋਲਡ ਫੀਲਡ ਨੇ ਖੁਸ਼ਹਾਲੀ ਤੋਂ ਗਰੀਬੀ ਤਕ ਦਾ ਸਫਰ ਦੇਖਿਆ ਹੈ ਪਰ ਦੁਬਾਰਾ ਕੋਲਾਰ ਗੋਲਡ ਫੀਲਡ ਦੇ ਖੁੱਲ੍ਹਣ ਦੀ ਉਮੀਦ ਜਾਗੀ ਹੈ।
ਹਾਲ ਹੀ ’ਚ ਕੋਲਾਰ ਗੋਲਡ ਫੀਲਡ ਦੇ ਮਜ਼ਦੂਰਾਂ ਅਤੇ ਕਰਮਚਾਰੀਆਂ ਦੀ ਇਕ ਸੰਸਥਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿੱਖ ਕੇ ਦੁਬਾਰਾ ਮਾਈਨਿੰਗ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਦਾਅਵਾ ਕੀਤਾ ਗਿਆ ਹੈ ਕਿ ਜੇਕਰ ਮਾਈਨਿੰਗ ਦੁਬਾਰਾ ਸ਼ੁਰੂ ਹੋਈ ਤਾਂ ਇਹ ਭਾਰਤ ਲਈ ਅਗਲੇ 100 ਸਾਲਾਂ ਲਈ ਫਾਇਦੇ ਦਾ ਸ਼ੌਦਾ ਹੋ ਸਕਦਾ ਹੈ।

