ਚੰਡੀਗੜ੍ਹ ਦੇ ਪ੍ਰਾਈਵੇਟ ਅਤੇ ਕਾਨਵੈਂਟ ਸਕੂਲਾਂ ਵਿਚ ਕਿਤਾਬਾਂ ਅਤੇ ਯੂਨੀਫਾਰਮ ਦੇ ਨਾਮ ’ਤੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਕੀਤੀ ਜਾ ਰਹੀ ਮਨਮਾਨੀ ’ਤੇ ਪ੍ਰਸ਼ਾਸਨ ਨੇ ਸਖਤੀ ਦਿਖਾਈ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਹਨ ਕਿ ਕੋਈ ਵੀ ਨਿੱਜੀ ਸਕੂਲ ਬੱਚਿਆਂ ਦੇ ਮਾਪਿਆਂ ਨੂੰ ਕਿਸੇ ਵਿਸ਼ੇਸ਼ ਦੁਕਾਨ ਤੋਂ ਕਿਤਾਬਾਂ ਜਾਂ ਯੂਨੀਫਾਰਮ ਖਰੀਦਣ ਦੇ ਲਈ ਮਜਬੂੁਰ ਨਹੀਂ ਕਰ ਸਕਦਾ। ਜਦੋਂ ਅਜਿਹਾ ਕਿਸੇ ਵੀ ਸਕੂਲ ਵਿਚ ਦੇਖਿਆ ਗਿਆ ਤਾਂ ਉਸ ਸਕੂਲ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਨਵੇਂ ਵਿੱਦਿਅਕ ਸੈਸ਼ਨ ਤੋਂ ਪਹਿਲਾਂ ਚੰਡੀਗੜ੍ਹ ਦੇ ਸਾਰੇ ਸਕੂਲਾਂ ਨੂੰ ਇਸ ਸਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਕੂਲਾਂ ਨੂੰ ਜਾਰੀ ਨਿਰਦੇਸ਼ਾਂ ਵਿਚ ਕਿਹਾ ਗਿਆ ਕਿ ਕਿਤਾਬਾਂ ਅਤੇ ਯੂਨੀਫਾਰਮਾਂ ਨਾਲ ਜੁੜੀ ਜਾਣਕਾਰੀ ਸਕੂਲ ਆਪਣੀ ਵੈਬਸਾਈਟ ਅਤੇ ਸਕੂਲ ਦੇ ਨੋਟਿਸ ਬੋਰਡ ’ਤੇ ਜਾਰੀ ਕਰਨ ਤਾਂ ਕਿ ਮਾਪੇ ਆਪਣੇ ਬੱਚਿਆਂ ਲਈ ਕਿਸੇ ਵੀ ਦੁਕਾਨ ਤੋਂ ਸਮਾਨ ਖਰੀਦ ਸਕਣ। ਜ਼ਿਕਰਯੋਗ ਹੈ ਕਿ ਅਗਲੇ ਮਹੀਨੇ ਸ਼ਹਿਰ ਦੇ 75 ਤੋਂ ਜ਼ਿਆਦਾ ਪ੍ਰਾਈਵੇਟ ਅਤੇ ਕਾਨਵੈਂਟ ਸਕੂਲਾਂ ਵਿਚ ਨਵਾਂ ਵਿਦਿਅਕ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ।
ਮਾਪਿਆਂ ਨੂੰ ਕਿਤਾਬਾਂ ਤੇ ਯੂਨੀਫਾਰਮ ਲਈ ਨਹੀਂ ਕੀਤਾ ਜਾਵੇਗਾ ਮਜਬੂਰ

