ਚੰਡੀਗੜ੍ਹ, 1 ਨਵੰਬਰ:
ਪੰਜਾਬ ਭਾਰਤੀ ਜਨਤਾ ਪਾਰਟੀ ਦੇ ਵਰਕਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਗਰਾਉਂ ’ਚ ਹੋਏ ਕਬੱਡੀ ਖਿਡਾਰੀ ਤੇਜਪਾਲ ਦੇ ਕਤਲ ਦੀ ਤੀਖ਼ੀ ਨਿੰਦਾ ਕਰਦੇ ਹੋਏ ਆਮ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਸਿੱਧਾ ਹਮਲਾ ਬੋਲਿਆ ਹੈ।
ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ ਅਤੇ ਲੱਗਦਾ ਹੈ ਕਿ ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਮਹਾਨ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ, ਧਰਮਿੰਦਰ ਸਿੰਘ (ਧਰਮਵੀਰ), ਸੁਖਵਿੰਦਰ ਸਿੰਘ (ਨੋਨੀ) ਅਤੇ ਹਰਵਿੰਦਰ ਸਿੰਘ ਦੇ ਕਤਲ ਤੋਂ ਬਾਅਦ ਹੁਣ ਤੇਜਪਾਲ ਦੀ ਹੱਤਿਆ ਨੇ “ਰੰਗਲੇ ਪੰਜਾਬ” ਦੇ ਦਾਅਵਿਆਂ ਦੀ ਸੱਚਾਈ ਨੂੰ ਬੇਨਕਾਬ ਕਰ ਦਿੱਤਾ ਹੈ।
ਉਨ੍ਹਾਂ ਨੇ ਤੰਜ ਕਸਿਆ ਕਿ “ਨਾ ਵਪਾਰੀ ਸੁਰੱਖਿਅਤ, ਨਾ ਖਿਡਾਰੀ — ਕੀ ਇਹੀ ਹੈ ਤੁਹਾਡਾ ਰੰਗਲਾ ਪੰਜਾਬ, ਮੁੱਖ ਮੰਤਰੀ ਸਾਹਿਬ?” ਸ਼ਰਮਾ ਨੇ ਕਿਹਾ ਕਿ ਜਗਰਾਉਂ ਐਸ.ਐਸ.ਪੀ. ਦਫ਼ਤਰ ਦੇ ਨੇੜੇ ਹੋਇਆ ਇਹ ਕਤਲ ਦਰਸਾਉਂਦਾ ਹੈ ਕਿ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਟੁੱਟ ਗਈ ਹੈ ਅਤੇ ਪੁਲਿਸ ਪ੍ਰਬੰਧਨ ਸਿਰਫ਼ ਦਰਬਾਰਾਂ ਤੱਕ ਹੀ ਸੀਮਿਤ ਹੋ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਜਿੱਥੇ ਵਪਾਰੀ, ਖਿਡਾਰੀ ਅਤੇ ਕਿਸਾਨ ਸਭ ਹੀ ਡਰ ਅਤੇ ਅਸੁਰੱਖਿਆ ਦੇ ਮਾਹੌਲ ਵਿੱਚ ਜੀ ਰਹੇ ਹਨ, ਉੱਥੇ ਸਰਕਾਰ ਸਿਰਫ਼ ਆਪਣੀ ਇਮੇਜ ਸੇਵਾ ਵਿੱਚ ਲੱਗੀ ਹੋਈ ਹੈ।
ਅਸ਼ਵਨੀ ਸ਼ਰਮਾ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ, ਜੋ ਇਸ ਵੇਲੇ ਗੁਜਰਾਤ ਵਿੱਚ ਬੈਠੇ ਹਨ, ਤੁਰੰਤ ਅਸਤੀਫ਼ਾ ਦੇਣ, ਕਿਉਂਕਿ ਗ੍ਰਹਿ ਮੰਤਰੀ ਦੇ ਤੌਰ ’ਤੇ ਉਹ ਪੰਜਾਬ ਨੂੰ ਸੁਰੱਖਿਅਤ ਰੱਖਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਹ ਨਾਕਾਮ ਸਰਕਾਰ ਬਰਦਾਸ਼ਤ ਨਹੀਂ ਕਰਨਗੇ ਅਤੇ ਭਾਜਪਾ ਹਰ ਪੱਧਰ ’ਤੇ ਲੋਕਾਂ ਦੀ ਆਵਾਜ਼ ਉਠਾਉਂਦੀ ਰਹੇਗੀ।

