ਅੰਮ੍ਰਿਤਸਰ /ਦੂਜਾ ਪੰਜਾਬ ਬਿਊਰੋ ਨਿਊਜ਼
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਪਾਵਨ ਸਰੂਪਾਂ ਨਾਲ ਜੁੜੇ ਮਾਮਲੇ ਵਿਚ ਆਪਣਾ ਰੁਖ ਸਪੱਸ਼ਟ ਕੀਤਾ ਹੈ।
ਅੰਮ੍ਰਿਤਸਰ ਵਿਚ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ਇਹ ਸਪੱਸ਼ਟ ਕੀਤਾ ਗਿਆ ਕਿ ਇਸ ਪੂਰੇ ਮਾਮਲੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦਾ ਪਾਲਣ ਕੀਤਾ ਜਾ ਰਿਹਾ ਹੈ।
ਇਹ ਵੀ ਕਿਹਾ ਗਿਆ ਕਿ ਸ਼ੋ੍ਰਮਣੀ ਕਮੇਟੀ ਕਿਸੇ ਵੀ ਹਾਲਤ ਵਿਚ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਸ ਸਬੰਧੀ ਨਾ ਤਾਂ ਸਹਿਯੋਗ ਦੇਵੇਗੀ ਅਤੇ ਨਾ ਹੀ ਕੋਈ ਰਿਕਾਰਡ ਉਪਲਬਧ ਕਰਵਾਏਗੀ।
ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਜਿਨ੍ਹਾਂ ਕਰਮਚਾਰੀਆਂ ’ਤੇ ਇਲਜ਼ਾਮ ਲੱਗੇ ਸਨ, ਉਨ੍ਹਾਂ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੀ ਜਾਂਚ ਰਿਪੋਰਟ ਦੇ ਅਧਾਰ ’ਤੇ ਸ਼ੋ੍ਰਮਣੀ ਕਮੇਟੀ ਪਹਿਲਾਂ ਹੀ ਕਾਰਵਾਈ ਪੂਰੀ ਕਰ ਚੁੱਕੀ ਹੈ।
ਪ੍ਰਤਾਪ ਸਿੰਘ ਨੇ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਆਪਣੀ ਸੰਸਥਾ ਹੈ ਅਤੇ ਇਸਦੇ ਖਿਲਾਫ ਕੀਤਾ ਜਾ ਰਿਹਾ ਝੂਠਾ ਪ੍ਰਚਾਰ ਇਸ ਸੰਸਥਾ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ।

