ਚੰਡੀਗੜ੍ਹ / ਦੂਜਾ ਪੰਜਾਬ
ਚੰਡੀਗੜ੍ਹ ਵਿੱਚ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਦੇ ਕਤਲ ਅਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਇਸ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਇਸ ਗੈਂਗ ਦੇ ਰਿੰਗ ਲੀਡਰ ਗੋਲਡੀ ਬਰਾੜ ਨੇ ਵੀ ਇੱਕ ਆਡੀਓ ਜਾਰੀ ਕੀਤੀ ਹੈ।
ਕਤਲ ਤੋਂ ਇੱਕ ਦਿਨ ਬਾਅਦ, ਕੈਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਮਾਮਲੇ ਬਾਰੇ ਭਾਵੁਕ ਆਡੀਓ ਸੰਦੇਸ਼ ਜਾਰੀ ਕੀਤਾ।
ਇਹ ਆਡੀਓ ਸੱਚੀਂ ਹੀ ਗੋਲਡੀ ਬਰਾੜ ਦੀ ਹੈ ਜਾਂ ਨਹੀਂ, ਭਾਵੇਂ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਪਰ ਕਈ ਵੱਡੇ ਮੀਡੀਆ ਅਦਾਰੇ ਇਸ ਨੂੰ ਚਲਾ ਰਹੇ ਹਨ
ਗੈਂਗ ਵੱਲੋਂ ਜਾਰੀ ਕੀਤੇ ਗਏ ਹਮਲਾਵਰ ਆਨਲਾਈਨ ਬਿਆਨ ਦੇ ਉਲਟ, ਗੋਲਡੀ ਬਰਾੜ ਦੇ ਸੰਦੇਸ਼ ਵਿੱਚ ਦੁੱਖ, ਹੈਰਾਨੀ ਅਤੇ ਪੈਰੀ ਦੇ ਪਰਿਵਾਰ ਲਈ ਹਮਦਰਦੀ ਪ੍ਰਗਟਾਈ ਗਈ ਹੈ।
ਉਸ ਨੇ ਜ਼ੋਰ ਦੇ ਕੇ ਕਿਹਾ ਕਿ ਪੈਰੀ ਨੇ “ਇਨ੍ਹਾਂ ਹਾਲਾਤਾਂ ਵਿੱਚ ਮੌਤ ਜੋਗਾ ਕੁਝ ਵੀ ਨਹੀਂ ਕੀਤਾ।”
ਪੈਰੀ ਦੇ ਕਤਲ ਦੀ ਲਾਰੈਂਸ ਬਿਸ਼ਨੋਈ ਗੈਂਗ ਵਲੋਂ ਜਿੰਮੇਵਾਰੀ ਲੈਣਾ ਅਤੇ ਗੋਲਡੀ ਬਰਾੜ ਵਲੋਂ ਇਸ ਨੂੰ ਧੋਖੇਬਾਜ਼ੀ ਨਾਲ ਕੀਤਾ ਕਤਲ ਕਰਾਰ ਦੇਣਾ ਕਿਸ ਗੱਲ ਵੱਲ ਇਸ਼ਾਰਾ ਕਰਦਾ ਹੈ। ਕੀ ਇਸ ਦਾ ਅਰਥ ਇਹ ਵੀ ਹੈ ਕਿ ਗੋਲਡੀ ਬਰਾੜ ਅਤੇ ਲਾਰੈਂਸ਼ ਬਿਸ਼ਨੋਈ ਵਿਚਾਲੇ ਮਤਭੇਦ ਉੱਭਰ ਆਏ ਹਨ।
ਸਵਾਲ ਇਹ ਵੀ ਉੱਠਦਾ ਹੈ ਕਿ ਕੀ ਇਸ ਕਤਲ ਤੋਂ ਬਾਅਦ ਲਾਰੈਂਸ਼ ਬਿਨਸ਼ੋਈ ਗੈਂਗ ਵਿੱਚ ਖਾਨਾਜੰਗੀ ਸ਼ੁਰੂ ਹੋ ਜਾਵੇਗੀ। ਜਾਂ ਇਹ ਗੋਲਡੀ ਬਰਾੜ ਦੇ ਅਫਸੋਸ ਨਾਲ ਹੀ ਰੁਕ ਜਾਵੇਗੀ।
ਪੰਜਾਬੀ ਆਡੀਓ, ਵਿੱਚ ਬਰਾੜ ਨੇ ਕਿਹਾ:
“ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਮੈਂ ਗੋਲਡੀ ਬਰਾੜ ਹਾਂ। ਇਹ ਆਡੀਓ ਸੰਦੇਸ਼ ਇਸ ਲਈ ਭੇਜ ਰਿਹਾ ਹਾਂ ਕਿ ਸਾਡਾ ਭਰਾ ਇੰਦਰਪ੍ਰੀਤ ਪੈਰੀ, ਜਿਸ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਮਾਰ ਦਿੱਤਾ, ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ। ਹੁਣ ਉਹ ਕਹਿ ਸਕਦੇ ਹਨ ਕਿ ਪੈਰੀ ਪੈਸੇ ਵਸੂਲੀ ਕਰਦਾ ਸੀ ਜਾਂ ਕਿਸੇ ਹੋਰ ਲਈ ਕੰਮ ਕਰਦਾ ਸੀ, ਪਰ ਸੱਚ ਇਹ ਹੈ ਕਿ ਉਸ ਦੇ ਵਿਆਹ ਤੋਂ ਬਾਅਦ ਖੁਦ ਲਾਰੈਂਸ ਨੇ ਪੈਰੀ ਨੂੰ ਫੋਨ ਕਰ ਕੇ ਵਧਾਈ ਦਿੱਤੀ ਸੀ ਅਤੇ ਕੁਝ ਨਿੱਜੀ ਗੱਲਾਂ ਕੀਤੀਆਂ ਸਨ, ਜਿਨ੍ਹਾਂ ਬਾਰੇ ਫੋਨ ‘ਤੇ ਗੱਲ ਕਰਨਾ ਸੁਰੱਖਿਅਤ ਨਹੀਂ ਸੀ। ਉਸ ਨੇ ਪੈਰੀ ਨੂੰ ਇੱਕ ਨਿਰਧਾਰਤ ਥਾਂ ਉੱਤੇ ਆਪਣੇ ਸੰਪਰਕ ਵਾਲੇ ਵਿਅਕਤੀ ਨੂੰ ਮਿਲਣ ਅਤੇ ਉਸ ਦੇ ਫੋਨ ਤੋਂ ਗੱਲ ਕਰਨ ਲਈ ਕਿਹਾ ਸੀ। ਲਾਰੈਂਸ ਨੇ ਆਪਣੇ ਦੋਸਤ ਨੂੰ ਆਪ ਹੀ ਬਾਹਰ ਬੁਲਾਇਆ ਅਤੇ ਕਤਲ ਕਰਵਾ ਦਿੱਤਾ। ਦੋਸਤੀ ਵਿੱਚ ਇਹ ਸਭ ਤੋਂ ਹੇਠਲਾ ਪੱਧਰ ਹੈ। ਪੈਰੀ ਦਾ ਕਦੇ ਵੀ ਬਿਸ਼ਨੋਈ ਨਾਲ ਕੋਈ ਵੈਰ ਜਾਂ ਨੁਕਸਾਨ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਲਾਰੈਂਸ ਕਦੇ ਵੀ ਇਹ ਸਾਬਤ ਨਹੀਂ ਕਰ ਸਕਦਾ ਕਿ ਪੈਰੀ ਨੇ ਉਸ ਦਾ ਕੋਈ ਨੁਕਸਾਨ ਕੀਤਾ।”
ਗੋਲਡੀ ਬਰਾੜ ਨੇ ਦਾਅਵਾ ਕੀਤਾ ਕਿ ਪੈਰੀ ਅਤੇ ਉਸ ਦਾ ਪਰਿਵਾਰ ਲੰਮੇ ਸਮੇਂ ਤੋਂ ਲਾਰੈਂਸ ਦਾ ਸਹਾਰਾ ਬਣੇ ਹੋਏ ਸਨ। ਪੈਰੀ ਅਕਸਰ ਉਸ ਨੂੰ ਰਹਿਣ ਲਈ ਥਾਂ ਦਿੰਦਾ ਸੀ ਅਤੇ ਕੋਰਟ ਦੀਆਂ ਪੇਸ਼ੀਆਂ ਦੌਰਾਨ ਉਸ ਦੀ ਮਾਂ ਬਿਸ਼ਨੋਈ ਅਤੇ ਉਸ ਦੇ ਸਾਥੀਆਂ ਲਈ ਖਾਣਾ ਭੇਜਦੀ ਰਹੀ।
ਆਪਣੇ ਆਪ ਨੂੰ ਕਤਲ ਤੋਂ ਦੂਰ ਰੱਖਦੇ ਹੋਏ ਅਤੇ ਆਪਣੇ ਕਦਮਾਂ ਦਾ ਬਚਾਅ ਕਰਦਿਆਂ, ਬਰਾੜ ਨੇ ਕਿਹਾ:
“ਅਸੀਂ ਹਮੇਸ਼ਾਂ ਸਿਰਫ਼ ਉਨ੍ਹਾਂ ਖ਼ਿਲਾਫ਼ ਹੀ ਕਾਰਵਾਈ ਕੀਤੀ ਹੈ ਜੋ ਗਲਤ ਕੰਮਾਂ ਵਿੱਚ ਸ਼ਾਮਲ ਰਹੇ ਹਨ। ਸਿੱਪਾ, ਜਿਸ ਨੂੰ ਕਈ ਲੋਕ ਡਾਨ ਸਮਝਦੇ ਸਨ, ਜਦੋਂ ਦੁਬਈ ਵਿੱਚ ਮਾਰਿਆ ਗਿਆ, ਤਾਂ ਇਸ ਲਈ ਕਿ ਉਹ ਪੁਲਿਸ ਦਾ ਮੱਖਬਿਰ ਸੀ, ਪੈਸੇ ਵਸੂਲੀ ਦੇ ਨਾਂ ‘ਤੇ ਕਮਾਈ ਕਰਦਾ ਸੀ ਅਤੇ ਕਿਸੇ ਦਾ ਵੀ ਵਫ਼ਾਦਾਰ ਨਹੀਂ ਸੀ। ਉਸ ਸਮੇਂ ਪੈਰੀ ਆਪਣੇ ਵਿਆਹ ਦੇ ਸਮਾਰੋਹਾਂ ਵਿੱਚ ਬਿਜ਼ੀ ਸੀ।”
ਅੰਤ ਵਿੱਚ ਬਰਾੜ ਨੇ ਇਸ ਕਤਲ ਨੂੰ ਧੋਖੇਬਾਜ਼ੀ ਕਰਾਰ ਦਿੰਦਿਆਂ ਕਿਹਾ ਕਿ ਪੈਰੀ ਦਾ ਕਿਸੇ ਵੀ ਤਰ੍ਹਾਂ ਦੀ ਰੰਜਿਸ਼ ਜਾਂ ਮੁਕਾਬਲੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਜੋ ਉਸ ਦੇ ਨੂੰ ਜਾਇਜ਼ ਠਹਿਰਾ ਸਕੇ।
ਗੋਲਡੀ ਬਰਾੜ ਨੇ ਅੱਗੇ ਕਿਹਾ ਕਿ, “ਪੈਰੀ ਦੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਉਹ ਲਾਰੈਂਸ ਨੂੰ ਆਪਣਾ ਦੋਸਤ ਸਮਝਦਾ ਰਿਹਾ।”

