ਚੰਡੀਗੜ੍ਹ/ਬਿਊਰੋ ਨਿਊਜ਼:- ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਵਲੋਂ ਭੇਜਿਆ ਗਿਆ ਮਾਣਹਾਨੀ ਨੋਟਿਸ ਨਹੀਂ ਮਿਲਿਆ ਹੈ। ਇਹ ਦਾਅਵਾ ਸੀਨੀਅਰ ਕਾਂਗਰਸੀ ਆਗੂ ਅਤੇ ਕਪੂਰਥਲਾ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਖੁਦ ਕੀਤਾ ਹੈ।
ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਅਦਾਲਤ ਨੇ ਉਨ੍ਹਾਂ ਵਿਰੁੱਧ ਮਾਣਹਾਨੀ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਦੀ ਸ਼ਿਕਾਇਤ ’ਤੇ ਜਾਰੀ ਕੀਤਾ ਗਿਆ ਹੈ ਅਤੇ ਜਿਸ ’ਤੇ ਸੁਣਵਾਈ 11 ਅਗਸਤ ਨੂੰ ਹੋਣੀ ਹੈ। ਖਹਿਰਾ ਨੇ ਕਿਹਾ ਕਿ ਮੈਂ ਸੀ.ਐਮ. ਭਗਵੰਤ ਮਾਨ ਵਲੋਂ 144 ਟੋਇਟਾ ਹਾਈਲਕਸ ਵਾਹਨਾਂ ਦੀ ਗਲਤ ਖਰੀਦ ਦਾ ਮੁੱਦਾ ਉਠਾਉਂਦਾ ਰਹਾਂਗਾ।
ਇਹ ਖਰੀਦ ਡੀਜੀਪੀ ਪੰਜਾਬ ਦੇ ਨਾਮ ’ਤੇ ਕੀਤੀ ਗਈ ਹੈ ਅਤੇ ਇਹ ਭ੍ਰਿਸ਼ਟਾਚਾਰ ਸਿੱਧੇ ਤੌਰ ’ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਜੁੜਿਆ ਹੋਇਆ ਹੈ।

