- 45 ਮਹੀਨਿਆਂ ਦਾ ਫੇਲ ਰਿਕਾਰਡ ਛੁਪਾਉਣ ਲਈ ‘ਆਪ’ ਦੀ ਝੂਠੀ ਆਡੀਓ- ਵੀਡੀਓ ਕਹਾਣੀ
- ਪੇਂਡੂ ਤਰੱਕੀ ਵਿੱਚ ਜ਼ੀਰੋ ਪ੍ਰਦਰਸ਼ਨ ਛੁਪਾਉਣ ਲਈ ‘ਆਪ’ ਵੱਲੋਂ ਨਕਲੀ ਆਡੀਓ- ਵੀਡੀਓ ਰਾਹੀ ਧਿਆਨ ਭਟਕਾਉਣ ਦੀ ਕੋਸ਼ਿਸ਼ -ਜੋਸ਼ੀ
ਚੰਡੀਗੜ੍ਹ, 5 ਦਸੰਬਰ / ਦੂਜਾ ਪੰਜਾਬ ਨਿਊਜ਼
ਆਮ ਆਦਮੀ ਪਾਰਟੀ ਦੇ ਅਧਿਕਾਰਤ ਬੁਲਾਰੇ ਬਲਤੇਸ਼ ਪੰਨੂ ਵੱਲੋਂ ਗੁਜਰਾਤ ਸਰਕਾਰ ਅਤੇ ਲਾਰੈਂਸ ਬਿਸ਼ਨੋਈ ਨਾਲ ਸਬੰਧਤ ਇੱਕ ਆਡੀਓ ਦੇ ਆਧਾਰ ’ਤੇ ਲਗਾਏ ਗਏ ਇਲਜ਼ਾਮਾਂ ’ਤੇ ਭਾਜਪਾ ਨੇ ਪਲਟਵਾਰ ਕੀਤਾ ਹੈ।
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਇਹ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਚੋਣਾਂ ਤੋਂ ਪਹਿਲਾਂ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਹਟਾਉਣ ਦੀ ਸਾਜ਼ਿਸ਼ ਹੈ।
ਜੋਸ਼ੀ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਦਾ ਪੰਜਾਬ ਦੀ ਇੱਕ ਜੇਲ੍ਹ/ਹਵਾਲਾਤ ਅੰਦਰੋਂ ਵਾਇਰਲ ਹੋਇਆ ਟੀਵੀ ਇੰਟਰਵਿਊ ਹੀ ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਹੈ ਕਿ ‘ਆਪ’ ਸਰਕਾਰ ਪਹਿਲਾਂ ਤੋਂ ਹੀ ਲਾਰੈਂਸ ਬਿਸ਼ਨੋਈ ਨਾਲ ਗੰਢ-ਤੁੱਪ ਵਿੱਚ ਹੈ।
ਪਹਿਲਾਂ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਜੇਲ੍ਹ ਅੰਦਰ ਕੋਈ ਇੰਟਰਵਿਊ ਨਹੀਂ ਹੋਇਆ, ਪਰ ਜਦੋਂ ਮਾਮਲਾ ਹਾਈ ਕੋਰਟ ਪਹੁੰਚਿਆ ਤਾਂ ਕਈ ਅਧਿਕਾਰੀਆਂ ਨੂੰ ਮੁਅੱਤਲ ਕਰਕੇ ਸਰਕਾਰ ਨੇ ਆਪਣੇ ਹੀ ਬਿਆਨਾਂ ਦੀ ਪੋਲ ਖੋਲ੍ਹ ਦਿੱਤੀ।
ਸਰਕਾਰ ਨੇ ਅਣਜਾਣੇ ’ਚ ਮੰਨ ਲਿਆ ਕਿ ਪਹਿਲਾਂ ਝੂਠ ਬੋਲਿਆ ਗਿਆ ਸੀ।
ਜੋਸ਼ੀ ਨੇ ਹੋਰ ਕਿਹਾ ਕਿ ‘ਆਪ’ ਸਰਕਾਰ ਨੇ ਆਪਣੇ 45 ਮਹੀਨਿਆਂ ਦੇ ਕਾਰਜਕਾਲ ਦੌਰਾਨ ਪੇਂਡੂ ਵਿਕਾਸ ਲਈ ਕੋਈ ਢੰਗ ਦਾ ਕੰਮ ਨਹੀਂ ਕੀਤਾ।
ਇਥੋਂ ਤੱਕ ਕਿ ਪਿੰਡਾਂ ਵਿੱਚ ਸਰਪੰਚਾਂ ਅਤੇ ਪੰਚਾਂ ਦੀ ਤਨਖਾਹ ਦਾ ਭਾਰ ਵੀ ਪੰਚਾਇਤਾਂ ਦੇ ਸਿਰ ਪਾ ਦਿੱਤਾ ਗਿਆ। ਹੁਣ ਗੁਜਰਾਤ ਵਾਲਾ ਆਡੀਓ ਦਿਖਾ ਕੇ ‘ਆਪ’ ਇੱਕ ਹੋਰ ‘ਝੂਠਾ ਨੈਰੇਟਿਵ’ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਪਿੰਡਾਂ ਦੇ ਵੋਟਰਾਂ ਦਾ ਧਿਆਨ ਭਟਕਾਇਆ ਜਾ ਸਕੇ।
ਬੀਤੇ ਕੱਲ੍ਹ ਵਾਇਰਲ ਹੋਏ ਇੱਕ ਹੋਰ ਆਡੀਓ-ਵੀਡੀਓ ਨੂੰ ਲੈ ਕੇ ਭਾਜਪਾ ਆਗੂ ਵਿਨੀਤ ਜੋਸ਼ੀ ਨੇ ਗੰਭੀਰ ਇਲਜ਼ਾਮ ਲਗਾਂਦੇ ਹੋਏ ਕਿਹਾ ਕਿ ਇਸ ਵਿੱਚ ਇੱਕ ਸੀਨੀਅਰ ਪੁਲੀਸ ਅਫ਼ਸਰ, ਕੁਝ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਹਥਿਆਉਣ, ਫਾੜਨ ਅਤੇ ਉਨ੍ਹਾਂ ਨਾਲ ਧੱਕੇਸ਼ਾਹੀ ਕਰਨ ਦੀ ਯੋਜਨਾ ਬਣਾ ਰਹੇ ਹਨ। ਇਹ ਮੀਟਿੰਗ ਸਪੱਸ਼ਟ ਕਰਦੀ ਹੈ ਕਿ ਸਰਕਾਰ ਪੁਲਿਸ ਦੇ ਦਬਾਅ ਅਤੇ ਗੁੰਡਾਗਰਦੀ ਦੇ ਜ਼ਰੀਏ ਚੋਣਾਂ ਜਿੱਤਣ ਦੀ ਤਿਆਰੀ ਕਰ ਰਹੀ ਹੈ।
ਜੋਸ਼ੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਤੰਤਰਿਕ ਪ੍ਰਕਿਰਿਆਵਾਂ ਦੀ ਬਜਾਏ ਦਬਾਅ, ਧਮਕੀ ਅਤੇ ਗੁੰਮਰਾਹ ਕਰਨ ਵਾਲੇ ਹਥਕੰਡੇ ਵਰਤ ਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਗੁਜਰਾਤ ਵਾਲਾ ਆਡੀਓ ਵੀ ਇਸੇ ਰਣਨੀਤੀ ਦਾ ਹਿੱਸਾ ਹੈ।

