ਲੁਧਿਆਣਾ/ਬਿਊਰੋ ਨਿਊਜ਼:- ਪੰਜਾਬ ਸਰਕਾਰ ਨੇ ਲੁਧਿਆਣਾ ਜ਼ਿਲ੍ਹੇ ’ਚ ਪੈਂਦੇ ਖੰਨਾ ਦੇ ਸਿਵਲ ਹਸਪਤਾਲ ’ਚ ਔਰਤ ਰੋਗਾਂ ਦੀ ਮਾਹਿਰ ਡਾਕਟਰ ਕਵਿਤਾ ਸ਼ਰਮਾ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਹੈ। ਇਹ ਕਾਰਵਾਈ ਡਿਊਟੀ ਵਿਚ ਕੋਤਾਹੀ ਦੇ ਆਰੋਪ ਦੇ ਚੱਲਦਿਆਂ ਕੀਤੀ ਗਈ ਹੈ ਅਤੇ ਉਸ ਖਿਲਾਫ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਕਾਰਵਾਈ ਚਾਰ ਦਿਨ ਪਹਿਲਾਂ ਹੋਈ ਘਟਨਾ ਤੋਂ ਬਾਅਦ ਹੋਈ ਹੈ। ਖੰਨਾ ਸਿਵਲ ਹਸਪਤਾਲ ਵਿਚ ਇਕ ਗਰਭਵਤੀ ਮਹਿਲਾ ਨੂੰ ਸਮੇਂ ’ਤੇ ਇਲਾਜ ਨਾ ਮਿਲਣ ਦੇ ਕਾਰਨ ਉਸਦੀ ਨਵਜਾਤ ਬੱਚੀ ਦੀ ਮੌਤ ਹੋ ਗਈ ਸੀ। ਖੰਨਾ ਦੇ ਸਿਵਲ ਹਸਪਤਾਲ ਪਹੁੰਚੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਡਾ. ਕਵਿਤਾ ਸ਼ਰਮਾ ਨੇ ਡਿਊਟੀ ਨੂੰ ਲੈ ਕੇ ਲਾਪਰਵਾਹੀ ਕੀਤੀ ਹੈ।
ਮੰਤਰੀ ਨੇ ਕਿਹਾ ਕਿ ਸਾਨੂੰ ਅਜਿਹੇ ਡਾਕਟਰਾਂ ਦੀ ਜ਼ਰੂਰਤ ਨਹੀਂ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਜੇਕਰ ਸੰਭਵ ਹੋਇਆ ਤਾਂ ਇਸ ਮਹਿਲਾ ਡਾਕਟਰ ਨੂੰ ਬਰਖਾਸਤ ਵੀ ਕੀਤਾ ਜਾ ਸਕਦਾ ਹੈ ਅਤੇ ਉਸਦਾ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ।

