ਗੁਰਦਾਸਪੁਰ/ਬਿਊਰੋ ਨਿਊਜ਼- ਗੁਰਦਾਸਪੁਰ ਦੇ ਪਿੰਡ ਦਬੂੜੀ ਵਿਚ ਜਵਾਹਰ ਨਵੋਦਿਆ ਵਿਦਿਆਲਾ ਦੀ ਇਮਾਰਤ ਚਾਰੇ ਪਾਸਿਓਂ ਹੜ੍ਹ ਦੇ ਪਾਣੀ ਵਿਚ ਘਿਰ ਗਈ। ਇਸ ਇਮਾਰਤ ਵਿਚ 400 ਵਿਦਿਆਰਥੀਆਂ ਅਤੇ ਸਕੂਲ ਵਿਚ ਮੌਜੂਦ ਸਾਰੇ ਸਟਾਫ ਲਈ ਬਿਪਤਾ ਵਾਲੀ ਸਥਿਤੀ ਬਣ ਗਈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਕਿਸ਼ਤੀਆਂ ਭੇਜੀਆਂ ਗਈਆਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਇਨ੍ਹਾਂ ਵਿਦਿਆਰਥੀਆਂ ਅਤੇ ਸਟਾਫ ਨੂੰ ਸਕੂਲ ਵਿਚੋਂ ਸੁਰੱਖਿਅਤ ਬਾਹਰ ਕੱਢਿਆ।
ਦੱਸਣਯੋਗ ਹੈ ਕਿ ਰਾਵੀ ਦਰਿਆ ਦਾ ਪਾਣੀ ਹੱਦਾਂ ਬੰਨੇ ਟੱਪ ਕੇ ਕਰੀਬ 9 ਕਿਲੋਮੀਟਰ ਦੂਰ ਤੱਕ ਫੈਲ ਗਿਆ। ਇਸ ਖੇਤਰ ਵਿਚ ਵਧੇ ਪਾਣੀ ਦੇ ਪੱਧਰ ਕਾਰਨ ਨਵੋਦਿਆ ਸਕੂਲ ਵਿਚ ਪੰਜ ਤੋਂ ਛੇ ਫੁੱਟ ਦੀ ਉਚਾਈ ਤੱਕ ਪਾਣੀ ਭਰ ਗਿਆ ਸੀ। ਸਕੂਲ ਦੇ ਪਿ੍ਰੰਸੀਪਲ ਨਰੇਸ਼ ਕੁਮਾਰ ਦਾ ਕਹਿਣਾ ਸੀ ਕਿ ਹੋਸਟਲ ਵਿਚ ਰਹਿੰਦੇ ਕੁੱਲ 400 ਵਿਦਿਆਰਥੀ ਹੜ੍ਹ ਦੇ ਪਾਣੀ ਕਰਕੇ ਵੱਖ-ਵੱਖ ਕਲਾਸਾਂ ਵਿਚ ਘਿਰ ਗਏ ਸਨ।
ਉਧਰ ਦੂਜੇ ਪਾਸੇ ਸੰਗਰੂਰ ਜ਼ਿਲ੍ਹੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਵਿਚ ਵੀ ਹੜ੍ਹਾਂ ਦਾ ਪਾਣੀ ਦਾਖਲ ਹੋ ਗਿਆ ਹੈ। ਸਤੌਜ ਪਿੰਡ ਦੀਆਂ ਸੜਕਾਂ ਅਤੇ ਫਸਲਾਂ ਪੂਰੀ ਤਰ੍ਹਾਂ ਪਾਣੀ ਦੀ ਲਪੇਟ ਵਿਚ ਆ ਚੁੱਕੀਆਂ ਹਨ।

