ਚੰਡੀਗੜ੍ਹ/ਬਿਊਰੋ ਨਿਊਜ਼- ਪੰਜਾਬ ਵਿਚ ਪੈ ਰਹੇ ਮੀਂਹ ਅਤੇ ਦਰਿਆਵਾਂ ’ਚ ਵਧੇ ਪਾਣੀ ਕਾਰਨ ਆਏ ਹੜ੍ਹਾਂ ਨੇ ਸੂਬੇ ਨੂੰ ਹਾਲੋਂ-ਬੇਹਾਲ ਕਰ ਦਿੱਤਾ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਹਾਲਾਤ ਬਹੁਤ ਚਿੰਤਾਜਨਕ ਬਣੇ ਹੋਏ ਹਨ। ਇਸਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਰੇ ਮੰਤਰੀ ਤੇ ਵਿਧਾਇਕ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੇ ਹਨ।
ਸੀਐਮ ਮਾਨ ਅੱਜ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਹੜ੍ਹ ਦੀ ਮਾਰ ਝੱਲ ਰਹੇ ਸਰਹੱਦੀ ਪਿੰਡਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਹੜ੍ਹਾਂ ਕਾਰਨ ਲੋਕਾਂ ਦੇ ਬਣੇ ਹਾਲਾਤ ਦੇਖ ਕੇ ਮੁੱਖ ਮੰਤਰੀ ਭਾਵੁਕ ਵੀ ਹੋ ਗਏ। ਇਸੇ ਦੌਰਾਨ ਘੱਗਰ ਦਰਿਆ ਦਾ ਪਾਣੀ ਵੀ ਖਤਰੇ ਦੇ ਨਿਸ਼ਾਨ ਨੇੜੇ ਪਹੁੰਚ ਗਿਆ ਹੈ, ਜਿਸਦਾ ਜਾਇਜ਼ਾ ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲਿਆ ਹੈ।
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੀ ਫਿਰੋਜ਼ਪੁਰ ਪਹੁੰਚ ਕੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਹੈ। ਸਤਲੁਜ ਦਰਿਆ ਦਾ ਪਾਣੀ ਵੀ ਹੁਣ ਗਿੱਦੜਪਿੰਡੀ ਕੋਲ ਖਤਰੇ ਦੇ ਨਿਸ਼ਾਨ ਤੋਂ ਉਪਰ ਪਹੁੰਚ ਗਿਆ ਹੈ। ਇਸ ਦੇ ਚੱਲਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਧੁੱਸੀ ਬੰਨ੍ਹ ’ਤੇ ਇਕੱਠੇ ਹੋਏ ਲੋਕਾਂ ਨੂੰ ਚੌਕਸ ਰਹਿਣ ਦਾ ਸੱਦਾ ਦਿੱਤਾ ਹੈ।
ਸੀਚੇਵਾਲ ਹੋਰਾਂ ਕਿਹਾ ਕਿ ਜੇ ਹਿਮਾਚਲ ਪ੍ਰਦੇਸ਼ ਵਿਚ ਹੋਰ ਮੀਂਹ ਪੈਂਦਾ ਹੈ ਜਾਂ ਫਿਰ ਭਾਖੜਾ ਡੈਮ ਤੋਂ ਵਾਧੂ ਪਾਣੀ ਛੱਡਿਆ ਜਾਂਦਾ ਹੈ ਤਾਂ ਸਥਿਤੀ ਹੋਰ ਵਿਗੜ ਸਕਦੀ ਹੈ। ਉਧਰ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਫੋਨ ’ਤੇ ਗੱਲ ਕੀਤੀ ਹੈ ਅਤੇ ਹੜ੍ਹਾਂ ਨੂੰ ਲੈ ਕੇ ਸਥਿਤੀ ਦੀ ਜਾਣਕਾਰੀ ਲਈ ਹੈ, ਪਰ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਦਾ ਐਲਾਨ ਨਹੀਂ ਕੀਤਾ ਹੈ।

