ਪੰਜਾਬ ਪੁਲਿਸ ਦੇ ਸੀਨੀਅਰ ਅਫ਼ਸਰ ਅਤੇ ਰੋਪੜ ਰੇਜ਼ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ ਹੈ। ਭਾਵੇਂ ਕਿ ਸੀਬੀਆਈ ਨੇ ਅਧਿਕਾਰਤ ਤੌਰ ਉੱਤੇ ਇਸ ਗ੍ਰਿਫ਼ਤਾਰੀ ਦੀ ਜਾਣਕਾਰੀ ਮੀਡੀਆ ਨਾਲ ਸਾਂਝੀ ਨਹੀਂ ਕੀਤੀ ਹੈ।
ਪਰ ਸੂਤਰਾਂ ਮੁਤਾਬਕ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਨਾਲ ਜੁੜੇ ਇੱਕ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ਼।
ਪੰਜਾਬ ਸਰਕਾਰ ਦੇ ਸੀਨੀਅਰ ਪੁਲਿਸ ਅਫ਼ਸਰਾਂ ਨੇ ਵੀ ਇਸ ਗ੍ਰਿਫਤਾਰੀ ਉੱਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਜਦੋਂ ਸੀਬੀਆਈ ਕਿਸੇ ਸੂਬੇ ਵਿੱਚੋਂ ਕੋਈ ਗ੍ਰਿਫਤਾਰੀ ਕਰਦੀ ਹੈ ਤਾਂ ਉਹ ਸੂਬਾ ਸਰਕਾਰ ਤੋਂਂ ਇਸ ਦੀ ਪ੍ਰਵਾਨਗੀ ਲੈਂਦੀ ਹੈ।
ਸੂਤਰ ਦੱਸਦੇ ਹਨ ਕਿ ਸ਼ਾਇਦ ਇਸੇ ਲਈ ਭੁੱਲਰ ਨੂੰ ਮੁਹਾਲੀ ਤੋਂ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਪੰਚਕੂਲਾ ਤੋਂ ਦਿਖਾਈ ਗਈ ਹੈ, ਕਿਉਂ ਕਿ ਉੱਥੇ ਭਾਜਪਾ ਦੀ ਸਰਕਾਰ ਹੈ ਅਤੇ ਸੀਬੀਆਈ ਨੇ ਇਸ ਦੀ ਪ੍ਰਵਾਨਗੀ ਉਸ ਕੋਲ਼ੋ ਹਾਸਲ ਕਰ ਲਈ।
ਮੀਡੀਆ ਰਿਪੋਰਟਾਂ ਵਿੱਚ ਦਾਅਵਾ ਤਾਂ ਇੱਥੋਂ ਤੱਕ ਕੀਤਾ ਗਿਆ ਹੈ ਸੀਬੀਆਈ ਨੇ ਇਸ ਆਪਰੇਸ਼ਨ ਵਿੱਚ ਕਿਸੇ ਵੀ ਅਜਿਹੇ ਅਫਸਰ ਨੂੰ ਸ਼ਾਮਲ ਨਹੀਂ ਕੀਤਾ ਜੋ ਪੰਜਾਬ ਤੋਂ ਡੈਪੂਟੇਸ਼ਨ ਉੱਤੇ ਆਇਆ ਹੋਵੇ।
ਦਾਅਵਿਆਂ ਮੁਤਾਬਕ ਭੁੱਲਰ ਉੱਤੇ ਰਿਸ਼ਵਤ ਲੈਣ ਦੇ ਇਲਜ਼ਾਮ ਹਨ ਉਹ 5 ਲੱਖ ਰੁਪਏ ਮਹੀਨਾ ਰਿਸ਼ਵਤ ਲੈਂਦਾ ਸੀ।
ਇਹ ਮਾਮਲਾ ਮੰਡੀ ਗੋਬਿੰਦਗੜ੍ਹ ਦੇ ਇੱਕ ਸਕਰੈਪ ਕਾਰੋਬਾਰੀ ਨਾਲ ਜੁੜਿਆ ਹੋਇਆ ਹੈ। ਜਿਸ ਨੇ ਸੀਬੀਆਈ ਨੂੰ ਇਸ ਦੀ ਸ਼ਿਕਾਇਤ ਕੀਤੀ ਅਤੇ ਏਜੰਸੀ ਨੇ ਟਰੈਪ ਲਗਾ ਕੇ ਡੀਆਈਜੀ ਭੁੱਲਰ ਨੂੰ ਕਾਬੂ ਕਰ ਲਿਆ।
ਸੂਤਰਾਂ ਨੇ ਕਿਹਾ ਕਿ ਭੁੱਲਰ ਦੇ ਦਫ਼ਤਰ, ਘਰ ਤੇ ਖੰਨਾ ਦੇ ਫਾਰਮਹਾਊਸ ਦੀ ਵੀ ਤਲਾਸ਼ੀ ਲਈ ਗਈ। ਭੁੱਲਰ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਪੰਚਕੂਲਾ ਤੇ ਫਿਰ ਵਾਪਸ ਲਿਆਂਦਾ ਗਿਆ। ਸੂਤਰਾਂ ਨੇ ਦੱਸਿਆ ਕਿ ਸੀਬੀਆਈ ਚੰਡੀਗੜ੍ਹ ਨੇ ਇਹ ਕਾਰਵਾਈ ਫਤਿਹਗੜ੍ਹ ਦੇ ਇੱਕ ਸਕ੍ਰੈਪ ਡੀਲਰ (ਕਬਾੜੀਏ) ਦੀ ਸ਼ਿਕਾਇਤ ’ਤੇ ਕੀਤੀ ਹੈ।

