ਲੁਧਿਆਣਾ/ਬਿਊਰੋ ਨਿਊਜ਼
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਲੁਧਿਆਣਾ ਦੇ ਤਾਜਪੁਰ ਰੋਡ ਨੇੜੇ ਬੁੱਢੇ ਨਾਲੇ ਵਿਖੇ ਪਹੁੰਚੇ। ਰਾਜਪਾਲ ਕਟਾਰੀਆ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਬੁੱਢੇ ਨਾਲੇ ਦੀ ਸਫਾਈ ਲਈ ਚਲਾਈ ਜਾ ਰਹੀ ਮੁਹਿੰਮ ਦਾ ਜਾਇਜ਼ਾ ਲਿਆ।
ਦੱਸਣਯੋਗ ਹੈ ਕਿ ਬੁੱਢੇ ਨਾਲੇ ਦਾ ਪ੍ਰਦੂਸ਼ਣ ਸਤਲੁਜ ਦਰਿਆ ਰਾਹੀਂ ਮਾਲਵੇ ਤੋਂ ਲੈ ਕੇ ਰਾਜਸਥਾਨ ਤੱਕ ਮਾਰ ਕਰ ਰਿਹਾ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਖੁਦ ਰਾਜਸਥਾਨ ਨਾਲ ਸਬੰਧਤ ਹਨ ਅਤੇ ਇਸ ਲਈ ਉਹ ਇਸ ਮੁਹਿੰਮ ਦੀ ਲਗਾਤਾਰ ਨਜ਼ਰਸਾਨੀ ਕਰ ਰਹੇ ਹਨ।
ਉਨ੍ਹਾਂ ਵਲੋਂ ਇਸ ਮਸਲੇ ’ਤੇ ਲਗਾਤਾਰ ਚੰਡੀਗੜ੍ਹ ਵਿਚ ਅਫਸਰਾਂ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਕਈ ਵਾਰ ਉਹ ਸਾਈਟ ਵਿਜ਼ਟ ਵੀ ਕਰ ਚੁੱਕੇ ਹਨ। ਰਾਜਪਾਲ ਨੇ ਬੁੱਢੇ ਨਾਲੇ ਦੀ ਸਫਾਈ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ।
ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਮੌਜੂਦ ਰਹੇ।

