ਨਵੀਂ ਦਿੱਲੀ/ਸੁਲਤਾਨਪੁਰ ਲੋਧੀ/ ਦੂਜਾ ਪੰਜਾਬ
ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਚਾਰ ਸਾਹਿਬਜ਼ਾਦਿਆ ਦੀ ਯਾਦ ਵਿੱਚ ਭਾਰਤ ਸਰਕਾਰ ਵੱਲੋਂ ਕੌਮੀ ਪੱਧਰ ‘ਤੇ ਮਨਾਏ ਜਾਂਦੇ “ਵੀਰ ਬਾਲ ਦਿਵਸ” ਦਾ ਨਾਂਅ ਬਦਲ ਕੇ “ਸਾਹਿਬਜ਼ਾਦੇ ਸ਼ਹਾਦਤ ਦਿਵਸ” ਰੱਖਣ ਲਈ ਪੰਜਾਬ ਦੇ ਸਾਰੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਪੱਤਰ ਲਿਖਿਆ ਹੈ। ਇਹ ਪੱਤਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਇੰਚਾਰਜ ਵੱਲੋਂ ਲਿਖਿਆ ਗਿਆ ਹੈ। ਇਸ ਪੱਤਰ ‘ਤੇ ਪਹਿਲ ਕਦਮੀ ਕਰਦਿਆ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ।
ਸੰਤ ਸੀਚੇਵਾਲ ਨੇ ਆਪਣੇ ਪੱਤਰ ਵਿਚ ਕਿਹਾ ਕਿ ਭਾਰਤ ਸਰਕਾਰ ਨੇ ਸਾਲ 2022 ਵਿੱਚ “ਵੀਰ ਬਾਲ ਦਿਵਸ” ਨੂੰ ਕੌਮੀ ਪੱਧਰ ‘ਤੇ ਮਨਾਉਣਾ ਸ਼ੁਰੂ ਕੀਤਾ ਸੀ। ਸੰਤ ਸੀਚੇਵਾਲ ਵੱਲੋਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖੇ ਪੱਤਰ ਵਿੱਚ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਲ 2025 ਦੇ ਆਖੀਰਲੇ ਦਿਨਾਂ ਵਿੱਚ ਆ ਰਹੇ ਇਸ ਪਵਿੱਤਰ ਸ਼ਹੀਦੀ ਦਿਵਸ ਤੋਂ ਪਹਿਲਾਂ-ਪਹਿਲਾਂ ਇਸ ਇਤਿਹਾਸਕ ਦਿਹਾੜੇ ਦਾ ਨਾਂਅ “ਵੀਰ ਬਾਲ ਦਿਵਸ” ਤੋਂ ਬਦਲਕੇ “ਸਾਹਿਬਜ਼ਾਦੇ ਸ਼ਹਾਦਤ ਦਿਵਸ” ਰੱਖਿਆ ਜਾਵੇ।
ਸੰਤ ਸੀਚੇਵਾਲ ਨੇ ਆਪਣੇ ਪੱਤਰ ਵਿਚ ਭਾਰਤ ਸਰਕਾਰ ਦੀ ਇਸ ਗੱਲ ਤੋਂ ਪ੍ਰਸੰਸਾ ਕੀਤੀ ਕਿ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਰਕਾਰ ਨੇ ਕੌਮੀ ਪੱਧਰ ‘ਤੇ ਮਨਾਉਣ ਦਾ ਸਾਲ 2022 ਵਿੱਚ ਫੈਸਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਭਾਰਤ ਸਰਕਾਰ ਨੇ ਇਸ ਕੌਮੀ ਸ਼ਹਾਦਤ ਦਾ ਨਾਂਅ ਵੀਰ ਬਾਲ ਦਿਵਸ ਰੱਖਿਆ ਤਾਂ ਉਸ ਦਿਨ ਤੋਂ ਸਿੱਖ ਭਾਈਚਾਰੇ ਵੱਲੋਂ ਇਤਰਾਜ਼ ਆਉਣੇ ਸ਼ੁਰੂ ਹੋ ਗਏ ਸਨ।ਵੱਖ-ਵੱਖ ਸਿੱਖ ਸੰਗਠਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖਕੇ ਜਿੱਥੇ ਆਪਣੇ ਇਤਰਾਜ਼ ਪ੍ਰਗਟਾਏ ਸਨ, ਤੇ ਨਾਂਅ ਬਦਲਣ ਦੀ ਮੰਗ ਨੂੰ ਜ਼ੋਰਦਾਰ ਉਠਾਈ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਚਾਰੇ ਸਾਹਿਬਜ਼ਾਦੇ ਸਿੱਖ ਕੌਮ ਲਈ ਸਤਿਕਾਰਯੋਗ ਹਨ। ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਛੋਟਾ ਕਰਕੇ ਨਹੀਂ ਦਿਖਾਇਆ ਜਾ ਸਕਦਾ।

ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਨੇ ‘ਵੀਰ ਬਾਲ ਦਿਵਸ’ ਦਾ ਨਾਂ ਬਦਲਣ ਦੀ ਕੀਤੀ ਮੰਗ
ਸ੍ਰੀ ਅਕਾਲ ਤਖਤ ਸਾਹਿਬ ਨੇ ਭਾਰਤ ਸਰਕਾਰ ਵਲੋਂ ਮਨਾਏ ਜਾਣ ਵਾਲੇ ‘ਵੀਰ ਬਾਲ ਦਿਵਸ’ ਦੇ ਨਾਂ ਨੂੰ ਲੈ ਕੇ ਇਕ ਵੱਡਾ ਫੈਸਲਾ ਲਿਆ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਕਹਿਣ ’ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਲੋਂ ਭਾਰਤੀ ਸੰਸਦ ਦੇ ਲੋਕ ਸਭਾ ਅਤੇ ਰਾਜ ਸਭਾ ਦੇ ਸਮੂਹ ਸਿੱਖ ਮੈਂਬਰਾਂ ਨੂੰ ਇਕ ਵਿਸ਼ੇਸ਼ ਪੱਤਰ ਵੀ ਲਿਖਿਆ ਗਿਆ ਹੈ।
ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਦਿਆਂ ਦੇ ਸ਼ਹੀਦੀ ਦਿਹਾੜੇ ਦਾ ਨਾਂ ‘ਵੀਰ ਬਾਲ ਦਿਵਸ’ ਦੀ ਥਾਂ ਅਧਿਕਾਰਤ ਤੌਰ ’ਤੇ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਕੀਤਾ ਜਾਵੇ।
ਉਧਰ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਦੀ ਕੁਰਬਾਨੀ ਨੂੰ ਸਲਾਮ ਕੀਤਾ।
ਰਾਜਧਾਨੀ ਦਿੱਲੀ ਵਿਚ ਹੋਈ ਐਨ.ਡੀ.ਏ. ਸੰਸਦੀ ਦਲ ਦੀ ਮੀਟਿੰਗ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ 26 ਦਸੰਬਰ ਨੂੰ ਆ ਰਹੇ ‘ਵੀਰ ਬਾਲ ਦਿਵਸ’ ਦਾ ਜ਼ਿਕਰ ਕੀਤਾ, ਜੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦਿਨ ਹੈ ਅਤੇ ਇਸ ਨੂੰ ਪੂਰੇ ਭਾਰਤ ਵਿਚ ਮਨਾਉਣ ਦਾ ਸੱਦਾ ਦਿੱਤਾ।

