ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਲੋਕਾਂ ਨੂੰ 10 ਲੱਖ ਰੁਪਏ ਦਾ ਸਿਹਤ ਬੀਮਾ ਦੇਣ ਦੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਘੋਸ਼ਣਾ ਝੂਠ ਦਾ ਇਕ ਪੁਲਿੰਦਾ ਹੈ ਜਿਹਦੇ ਰਾਹੀਂ ਪੰਜਾਬੀਆਂ ਨੂੰ ਗੁਮਰਾਹ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਸਰਕਾਰ ਬੀਮਾ ਕੰਪਨੀ ਨੂੰ ਸਿਰਫ ਇਕ ਲੱਖ ਰੁਪਏ ਇਨਸ਼ੋਰੈਂਸ ਦਾ ਪ੍ਰੀਮੀਅਮ ਅਦਾ ਕਰ ਰਹੀ ਹੈ ।
ਜਦ ਸਰਕਰ ਇਕ ਲੱਖ ਦੀ ਇਨਸ਼ੋਰੈਂਸ ਦੇ ਪੈਸੇ ਕੰਪਨੀ ਨੂੰ ਦੇ ਰਹੀ ਹੈ ਤਾਂ ਕੰਪਨੀ 10 ਲੱਖ ਦਾ ਬੀਮਾ ਕਿਵੇਂ ਦੇਵੇਗੀ। ਇਹ ਕਹਿਣਾ ਹੈ ਪੰਜਾਬ ਭਾਜਪਾ ਦੇ ਸੀਨੀਅਰ ਨੇਤਾ, ਸਾਬਕਾ ਮੰਤਰੀ ਤੇ ਸਾਬਕਾ ਸੂਬਾ ਪ੍ਰਧਾਨ ਮੰਨੋਰੰਜਨ ਕਾਲੀਆ ਦਾ । ਇਸ ਮੌਕੇ ਪੰਜਾਬ ਭਾਜਪਾ ਦੇ ਮੀਡੀਆ ਮੁਖੀ ਵਿਨੀਤ ਜੋਸ਼ੀ ਹਾਜ਼ਰ ਸਨ।
ਕਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਸ ਯੋਜਨਾ ਤਹਿਤ 3 ਕਰੋੜ ਦੀ ਆਬਾਦੀ ਲਈ 65 ਲੱਖ ਪਰਿਵਾਰਾਂ ਨੂੰ ਕਵਰ ਕਰਨ ਲਈ ਯੂਨਾਈਟਡ ਇੰਡੀਆ ਇਨਸ਼ੋਰੈਂਸ ਕੰਪਨੀ ਨੂੰ 1 ਲੱਖ ਰੁਪਏ ਦਾ ਪ੍ਰੀਮੀਅਮ ਪੰਜਾਬ ਸਰਕਾਰ ਵਲੋਂ ਅਦਾ ਕੀਤਾ ਜਾਵੇਗਾ, ਜਦਕਿ ਬਾਕੀ ਦੀ ਰਕਮ ਦਾ ਭਾਰ ਸਟੇਟ ਹੈਲਥ ਏਜੰਸੀ ‘ਤੇ ਪਾਇਆ ਹੈ, ਜਿਹਦਾ ਮਤਲਬ ਹੈ ਕਿ ਸੂਬੇ ਦੇ ਖਜ਼ਾਨੇ ਤੇ ਪਾਇਆ ਗਿਆ।
ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਸਰਕਾਰ ਕੋਲ ਬੁਢਾਪਾ ਤੇ ਵਿਧਵਾ ਪੈਨਸ਼ਨ ਦੇਣ ਲਈ ਪੈਸਾ ਨਹੀਂ, ਤਾਂ ਸੁਬੇ ਦੇ ਖਜ਼ਾਨੇ ਤੋਂ ਇਨਾ ਵੱਡਾ ਖਰਚਾ ਕਿਵੇਂ ਕਰੇਗੀ?
ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਅੱਜ 4 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਹੇਠਾਂ ਦੱਬਿਆ ਹੋਇਆ ਹੈ ਅਤੇ ਪ੍ਰਤੀ ਵਿਅਕਤੀ ਕਰਜ਼ਾ 1 ਲੱਖ 23 ਹਜ਼ਾਰ 274 ਰੁਪਏ ਤੱਕ ਪਹੁੰਚ ਚੁੱਕਾ ਹੈ। ਜੀਐਸਟੀ ਵਿਚੋਂ ਸੂਬੇ ਦਾ 40.35 ਫ਼ੀਸਦੀ ਹਿੱਸਾ ਘਟ ਚੁੱਕਾ ਹੈ।
ਇਸ ਤੋਂ ਇਲਾਵਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਦਾ 10,500 ਕਰੋੜ ਰੁਪਏ ਤੋਂ ਵੱਧ ਬਕਾਇਆ ਪਿਆ ਹੈ, ਤਾਂ ਸਮਝ ਤੋਂ ਪਰੇ ਹ ਕਿ ਸੂਬਾ ਸਰਕਾਰ ਖਜ਼ਾਨੇ ਤੋਂ ਲੋਕਾਂ ਦੇ ਇਲਾਜ ਤੇ ਪੈਸੇ ਕਿਵੇਂ ਦੇਵੇਗੀ।
ਮਨੋਰੰਜਨ ਕਾਲੀਆ ਨੇ ਕਿਹਾ ਕਿ “ਆਪ” ਸਰਕਾਰ ਦੀ ਇਹ ਯੋਜਨਾ ਸਿਹਤ ਸੇਵਾ ਨਹੀਂ, ਸਗੋਂ ਖਾਲੀ ਲਾਰਿਆਂ ਅਤੇ ਗਲਤ ਦਾਅਵਿਆਂ ਦਾ ਪੁਲਿੰਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪੰਜਾਬ ਦੇ ਲੋਕ ਹੁਣ ਸੱਚ ਸਮਝ ਚੁੱਕੇ ਹਨ ਅਤੇ ਸਰਕਾਰ ਨੂੰ ਇਸ ਧੋਖੇਬਾਜ਼ੀ ਦਾ ਹਿਸਾਬ ਦੇਣਾ ਪਵੇਗਾ।

