ਅੰਮ੍ਰਿਤਸਰ/ਬਿਊਰੋ ਨਿਊਜ਼:- ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਗਿ੍ਰਫਤਾਰ ਕਰ ਲਿਆ ਹੈ। ਇਹ ਗ੍ਰਿਫਤਾਰੀ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਕੀਤੀ ਗਈ ਹੈ। ਵਿਜੀਲੈਂਸ ਦੀ ਟੀਮ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਮੁਹਾਲੀ ਲੈ ਗਈ।
ਮੀਡੀਆ ਰਿਪੋਰਟਾਂ ਅਨੁਸਾਰ ਵਿਜੀਲੈਂਸ ਦੀ ਟੀਮ ਜਦੋਂ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਘਰ ਪਹੁੰਚੀ ਤਾਂ ਉਸ ਸਮੇਂ ਮਜੀਠੀਆ ਦੀ ਵਿਜੀਲੈਂਸ ਟੀਮ ਨਾਲ ਬਹਿਸ ਵੀ ਹੋਈ। ਮਜੀਠੀਆ ਦਾ ਕਹਿਣਾ ਸੀ ਕਿ ਇਹ ਸਾਰੀ ਕਾਰਵਾਈ ਸਿਆਸੀ ਬਦਲੇ ਦੀ ਭਾਵਨਾ ਨਾਲ ਕੀਤੀ ਜਾ ਰਹੀ ਹੈ। ਮਜੀਠੀਆ ਨੇ ਕਿਹਾ ਕਿ ਉਹ ਵਿਜੀਲੈਂਸ ਦੀ ਛਾਪੇਮਾਰੀ ਤੋਂ ਡਰਨ ਵਾਲੇ ਨਹੀਂ ਹਨ।
ਉਧਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਵਿਧਾਇਕਾ ਗਨੀਵ ਕੌਰ ਨੇ ਵਿਜੀਲੈਂਸ ਦੀ ਟੀਮ ’ਤੇ ਧੱਕਾਮੁੱਕੀ ਦੇ ਆਰੋਪ ਵੀ ਲਗਾਏ ਹਨ। ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਤੇ ਚੰਡੀਗੜ੍ਹ ਵਿਚਲੀਆਂ ਰਿਹਾਇਸ਼ਾਂ ’ਤੇ ਛਾਪੇਮਾਰੀ ਕੀਤੀ ਹੈ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਿਕਰਮ ਸਿੰਘ ਮਜੀਠੀਆ ਦੇ ਨਾਲ ਡਟ ਕੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਝੂਠੇ ਮਾਮਲੇ ਦਰਜ ਕਰਨਾ ਸੂਬਾ ਸਰਕਾਰ ਦੀ ਅਪਰਾਧਿਕ ਕਾਰਵਾਈ ਹੈ।

