ਜਲੰਧਰ ਬਿਊਰੋ ਨਿਊਜ਼:- ਬਜ਼ੂਰਗ ਮੈਰਾਥਨ ਦੌੜਾਕ ਫ਼ੌਜਾ ਸਿੰਘ ਦੀ ਸੋਮਾਵਰ ਦੇਰ ਸ਼ਾਮ ਇਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ। ਉਹ 114 ਸਾਲ ਦੇ ਸਨ। ਉਨ੍ਹਾਂ ਦੇ ਬੇਟੇ ਨੇ ਦੱਸਿਆ ਕਿ ਜਦੋਂ ਉਹ ਘਰ ਦੇ ਬਾਹਰ ਸੈਰ ਕਰ ਰਹੇ ਸਨ ਤਾਂ ਇਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜ਼ਖ਼ਮੀ ਹਾਲਤ ’ਚ ਉਨ੍ਹਾਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਉਨ੍ਹਾਂ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਬਿਆਸ ਪਿੰਡ ’ਚ ਪਹਿਲੀ ਅਪ੍ਰੈਲ 1911 ਨੂੰ ਹੋਇਆ ਸੀ ਸਾਲ 2011 ਵਿੱਚ ਟੋਰਾਂਟੋ ਮੈਰਾਥਨ 8 ਘੰਟੇ 11 ਮਿੰਟ ਅਤੇ 6 ਸਕਿੰਟਾਂ ਵਿਚ ਪੂਰੀ ਕਰ ਕੇ ਉਹ ਵਿਸ਼ਵ ਦੇ ਪਹਿਪੇ 100 ਸਾਲਾ ਬਜ਼ੁਰਗ ਦੌੜਾਕ ਬਣੇ ਸਨ। ਉਹਨਾਂ ਦੀ ਹੋਈ ਅਣਹੋਣੀ ਮੌਤ ਦਾ ਕਈ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਅਕਾਲ ਤਖ਼ਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਫੌਜਾ ਸਿੰਘ ਅੰਦਰ 114 ਸਾਲ ਦੀ ਵਡੇਰੀ ਉਮਰ ਵਿੱਚ ਵੀ ਜਜ਼ਬਾ ਅਤੇ ਹਿੰਮਤ ਕੁੱਟ ਕੁੱਟ ਕੇ ਭਰੀ ਹੋਈ ਸੀ। ਉਨ੍ਹਾਂ ਨੇ ਨਾ ਸਿਰਫ਼ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ, ਸਗੋਂ ਦੁਨੀਆ ਭਰ ਵਿੱਚ ਪੰਜਾਬੀਆਂ ਦੀ ਸ਼ਾਨ ਨੂੰ ਵੀ ਉਚਿਆਂ ਕੀਤਾ। ਉਨ੍ਹਾਂ ਕਿਹਾ ਕਿ ਫੌਜਾ ਸਿੰਘ ਦਾ ਜੀਵਨ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਸਰੋਤ ਸੀ, ਜਿਸ ਨੇ ਸਾਬਤ ਕੀਤਾ ਕਿ ਕਿਸੇ ਵੀ ਉਮਰ ਵਿਚ ਜਜ਼ਬੇ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਫੌਜਾ ਸਿੰਘ ਦੀਆਂ ਸੇਵਾਵਾਂ ਅਤੇ ਉਨ੍ਹਾਂ ਦਾ ਅਡੋਲ ਜਜ਼ਬਾ ਨੌਜਵਾਨਾਂ ਲਈ ਸਦਾ ਪ੍ਰੇਰਨਾਦਾਇਕ ਰਹੇਗਾ। ਉਨ੍ਹਾਂ ਫੌਜਾ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਰਤਾ ਪੁਰਖ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਚਰਨਾਂ ਵਿਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਵੀ ਫੌਜਾ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਵਿਰਾਸਤ ਸਾਡੇ ਦਿਲਾਂ ਵਿੱਚ ਸਦਾ ਜੀਉਂਦੀ ਰਹੇਗੀ।

