ਚੰਡੀਗੜ੍ਹ/ ਦੂਜਾ ਪੰਜਾਬ ਨਿਊਜ਼
‘ਰੰਗਲਾ ਪੰਜਾਬ’ ਸੁਸਾਇਟੀ ਰਾਹੀਂ ਹੜ੍ਹ ਪੀੜਤਾਂ ਲਈ ਫੰਡ ਇਕੱਠਾ ਕਰਨ ਲਈ ਚਲਾਏ ਗਏ ਮਿਸ਼ਨ ਚੜ੍ਹਦੀ ਕਲਾ ਦੀ ਸ਼ਾਇਦ ਫੂਕ ਨਿਕਲ ਗਈ ਲੱਗਦੀ ਹੈ।
ਭਾਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਵਿਧਾਨ ਸਭਾ ਵਿੱਚ ਕਿਹਾ ਸੀ ਕਿ ਕਿੰਨਾ ਫੰਡ ਇਕੱਠਾ ਹੋਵੇਗਾ ਅਤੇ ਕਿੱਥੇ-ਕਿੱਥੇ ਕਿੰਨਾ ਖ਼ਰਚਿਆ ਗਿਆ, ਉਸ ਦਾ ਹਿਸਾਬ-ਕਿਤਾਬ ਜਨਤਕ ਕੀਤਾ ਜਾਵੇਗਾ। ਪਰ ਅਜੇ ਤੱਕ ਇਸ ਮਾਮਲੇ ਵਿੱਚ ਮੁੱਖ ਮੰਤਰੀ ਜਾਂ ਕਿਸੇ ਮੰਤਰੀ ਨੇ, ਨਾ ਇਸ ਮੁੱਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਅਤੇ ਨਾ ਕੋਈ ਦਸਤਾਵੇਜ਼ ਜਾਰੀ ਕੀਤਾ।
ਮੀਡੀਆ ਰਾਹੀਂ ਅਜਿਹੀਆਂ ਰਿਪੋਰਟਾਂ ਵੀ ਆ ਰਹੀਆਂ ਹਨ ਕਿ ਜਿਹੜੇ ਹੜ੍ਹ ਪੀੜਤਾਂ ਨੂੰ ਚੈੱਕ ਦਿੱਤੇ ਵੀ ਗਏ ਹਨ, ਉਨ੍ਹਾਂ ਵਿੱਚੋਂ ਕੁਝ ਕੈਸ਼ ਨਹੀਂ ਹੋ ਰਹੇ ਅਤੇ ਕੁਝ ਨੂੰ ਚੈੱਕ ਵਾਪਸ ਕਰਨ ਲਈ ਕਿਹਾ ਜਾ ਰਿਹਾ ਹੈ।
ਪਰ ਇਸ ਗੱਲ ਦਾ ਅਧਾਰ ਕੀ ਹੈ ਕਿ ਮਿਸ਼ਨ ਚੜ੍ਹਦੀ ਕਲਾ ਦੀ ਫੂਕ ਨਿਕਲ ਹੈ, ਕਿ ਫੰਡ ਇਕੱਠਾ ਕਰਨ ਦਾ ਜਿੰਨਾ ਟਾਰਗੈੱਟ ਰੱਖਿਅ ਸੀ, ਉਹ ਪੂਰਾ ਨਹੀਂ ਹੋਇਆ, ਨਾ ਮੰਤਰੀਆਂ ਦਾ ਨਾ ਆਮ ਆਦਮੀ ਪਾਰਟੀ ਦੇ ਦੂਜੇ ਅਹੁਦੇਦਾਰਾਂ ਦਾ। ਹਾਂ, ਇਹ ਵੀ ਰਿਪੋਰਟਾਂ ਆਉਂਦੀਆਂ ਰਹੀਆਂ ਕਿ ਰੰਗਲਾ ਪੰਜਾਬ ਸੁਸਾਇਟੀ ਲਈ ਗੁੰਡਾ ਪਰਚੀਆਂ ਵਾਂਗ ਟੈਕਸ ਇਕੱਠਾ ਕੀਤਾ ਜਾ ਰਿਹਾ ਹੈ। ਬਕਾਇਦਾ ਲਿਸਟਾਂ ਬਣਾ ਕੇ ਪਰਵਾਸੀਆਂ ਅਤੇ ਕਾਰੋਬਾਰੀਆਂ ਤੋਂ ਫੰਡ ਲੈਣ ਲਈ ਮੁੱਖ ਮੰਤਰੀਆਂ ਅਤੇ ਮੰਤਰੀਆਂ ਦੀ ਗੱਲਬਾਤ ਕਰਨ ਦੀ ਵੀ ਡਿਊਟੀ ਲਾਈ ਸੀ।
ਹੁਣ ਇਸ ਲਈ ਫੰਡ ਇਕੱਠਾ ਕਰਨ ਲਈ ਇੱਕ ਗੁਪਤ ਬੈਠਕ ਕੀਤੀ ਗਈ ਹੈ। ਕੁਝ ਦਿਨ ਪਹਿਲਾਂ ਰਾਜ ਸਭਾ ਮੈਂਬਰਾਂ ਦੀ ਅਜਿਹੀ ਰਿਪੋਰਟ ਆਈ ਸੀ, ਕਿ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਬਾਕੀ 6 ਮੈਂਬਰਾਂ ਨੇ ਆਪਣੇ ਅਖ਼ਤਿਆਰੀ ਕੋਟੇ ਦਾ ਮਾਮੂਲੀ ਹਿੱਸਾ ਹੀ ਖ਼ਰਚਿਆ ਹੈ।
ਇਸ ਲਈ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਰਜੀਵਾਲ ਦੇ ਇੱਕ ਬੰਦੇ ਜੈਸਮੀਨ ਸ਼ਾਹ ਨੇ ਮਨੀਸ਼ ਸਿਸੋਦੀਆ ਨਾਲ ਰਾਜ ਸਭਾ ਮੈਂਬਰਾਂ ਦੀ ਔਨਲਾਇਨ ਬੈਠਕ ਕੀਤੀ ਹੈ। ਜਿਸ ਵਿੱਚ ਸਾਰੇ ਰਾਜ ਸਭਾ ਮੈਂਬਰਾਂ ਨੂੰ ਆਪਣਾ ਸਾਰਾ ਫੰਡ ਰੰਗਲਾ ਪੰਜਾਬ ਸੁਸਾਇਟੀ ਵਿੱਚ ਪਾਉਣ ਲਈ ਕਿਹਾ ਗਿਆ ਹੈ।
ਕੁਝ ਜਾਣਕਾਰ ਮੰਨਦੇ ਹਨ ਕਿ ਇਹ ਰਾਜ ਸਭਾ ਦੇ ਮੈਂਬਰਾਂ ਦੇ ਫੰਡਾਂ ਨੂੰ ਆਪਣੇ ਹੱਥਾਂ ਵਿੱਚ ਲੈਣ ਕੀ ਕਾਰਵਾਈ ਹੈ, ਕਿਉਂ ਕਿ ਰੰਗਲਾ ਸੁਸਾਇਟੀ ਨਾਲ ਕਿਸੇ ਸਰਕਾਰੀ ਨਿਯਮ ਅਧੀਨ ਹੈ ਅਤੇ ਨਾ ਹੀ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਆਉਂਦਾ ਹੈ। ਰੰਗਲਾ ਪੰਜਾਬ ਦੇ ਫੰਡ ਬਾਰੇ ਹੁਣ ਤੱਕ ਦੇ ਰੁਝਾਨ ਤੋਂ ਇਹ ਸਪੱਸ਼ਟ ਸਾਹਮਣੇ ਆ ਰਿਹਾ ਹੈ ਕਿ ਸਰਕਾਰ ਇਸ ਨੂੰ ਪੀਐੱਮ ਕੇਅਰ ਫੰਡ ਵਾਂਗ ਗੁਪਤ ਹੀ ਰੱਖੇਗੀ ਅਤੇ ਆਪਣੇ ਹਿੱਤਾਂ ਮੁਤਾਬਕ ਵਰਤੇਗੀ।
ਸੋ ਇਸ ਸਾਰੇ ਵਰਤਾਰੇ ਦਾ ਮਤਲਬ ਇਹ ਕੱਢਿਆ ਜਾਵੇ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਜਿਵੇਂ ਪੰਜਾਬ ਦੇ ਰਾਜ ਸਭਾ ਮੈਂਬਰਾਂ ਦੀਆਂ ਕੋਠੀਆਂ ਦੱਬੀਆਂ ਹੋਈਆਂ ਹਨ, ਉਵੇਂ ਹੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਰਾਜ ਸਭਾ ਮੈਂਬਰਾਂ ਦੇ ਫੰਡਾਂ ਉੱਤੇ ਵੀ ਕਬਜਾ ਕਰ ਲਵੇਗੀ।

