ਚੰਡੀਗੜ੍ਹ/ ਦੂਜਾ ਪੰਜਾਬ ਬਿਊਰੋ
ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਤੋਂ ਬਾਅਦ ਪੰਜਾਬ ਦੇ ਇੱਕ ਹੋਰ ਸੇਵਾਮੁਕਤ ਏਆਈਜੀ ਰਸ਼ਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਭੁੱਲਰ ਨੂੰ ਆਪਣੇ ਦਲਾਲ ਕਿਸ਼ਾਨੂੰ ਰਾਹੀਂ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਕਾਂਡ ਵਿੱਚ ਬੀਤੇ 16 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਦਕਿ ਏਆਈਜੀ ਰਸ਼ਪਾਲ ਸਿੰਘ ਨੂੰ ਡਰੱਗ ਕਾਰੋਬਾਰ ਨਾਲ ਸਬੰਧਤ ਮਾਮਲੇ ਵਿੱਚ ਫੜਿਆ ਗਿਆ ਹੈ਼।
ਏਆਈਜੀ ਰਸ਼ਪਾਲ ਸਿੰਘ ਦੀ ਗ੍ਰਿਫ਼ਤਾਰੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਕੀਤੀ ਹੈ। ਹਿੰਦੋਸਤਾਨ ਟਾਇਮਜ਼ ਅਖ਼ਬਾਰ ਨੇ ਇੱਕ ਸੀਨੀਅਰ ਪੁਲਿਸ ਅਫ਼ਸਰ ਦੇ ਹਵਾਲੇ ਨਾਲ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਹੈ। ਅਖ਼ਬਾਰ ਦੀ ਰਿਪੋਰਟ ਮੁਤਾਬਕ ਸੀਨੀਅਰ ਅਫ਼ਸਰ ਨੇ ਆਪਣਾ ਨਾਂ ਗੁਪਤ ਰੱਖੇ ਜਾਣ ਦੀ ਸ਼ਰਤ ਉੱਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਦਰਅਸਲ ਰਸ਼ਪਾਲ ਸਿੰਘ ਨੂੰ 2017 ਦੇ ਡਰੱਗਜ਼ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਦੋਂ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਅੰਮ੍ਰਿਤਸਰ ਦੇ 4 ਬੰਦਿਆਂ ਨੂੰ 1 ਕਿਲੋ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਦੀ ਜਾਂਚ ਕਰਨ ਵਾਲੇ ਅਧਿਕਾਰੀ ਜਗਜੀਤ ਸਿੰਘ ਮੁਤਾਬਕ ਇਸ ਮਾਮਲੇ ਦੀ ਜਾਂਚ ਪੈਂਡਿੰਗ ਚੱਲ ਰਹੀ ਸੀ, ਕਿਉਂ ਕਿ ਗ੍ਰਿਫ਼ਤਾਰ ਕੀਤੇ ਗਏ 4 ਬੰਦਿਆਂ ਵਿੱਚੋਂ ਇੱਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਚਲਾ ਗਿਆ ਸੀ।
ਤਰਨਤਾਰਨ ਦੇ ਪੱਟੀ ਨਾਲ ਸਬੰਧਤ ਇਸ ਵਿਅਕਤੀ ਨੇ ਇਲਜ਼ਾਮ ਲਾਇਆ ਸੀ ਕਿ ਉਸ ਨੂੰ ਪੁਲਿਸ ਨੇ ਹਸਤਪਾਲ ਵਿੱਚੋਂ ਚੁੱਕ ਕੇ ਗ੍ਰਿਫ਼ਤਾਰੀ ਦਿਖਾ ਦਿੱਤੀ ਅਤੇ 1 ਕਿਲੋ ਹੈਰੋਇਨ ਦਾ ਝੂਠਾ ਮੁਕੱਦਮਾ ਬਣਾ ਦਿੱਤਾ।

ਅਦਾਲਤ ਨੇ ਇਹ ਮਾਮਲਾ ਸੀਬੀਆਈ ਹਵਾਲੇ ਕਰ ਦਿੱਤਾ। ਸੀਬੀਆਈ ਨੇ 2022 ਵਿੱਚ ਰਸ਼ਪਾਲ ਸਿੰਘ ਸਣੇ 10 ਪੁਲਿਸ ਅਧਿਕਾਰੀਆਂ ਖਿਲਾਫ਼ ਚਾਰਜਸ਼ੀਟ ਪੇਸ਼ ਕੀਤੀ। ਜਿਸ ਵਿੱਚ ਸਾਬਤ ਹੋ ਗਿਆ ਕਿ ਪੁਲਿਸ ਨੇ ਝੂਠੇ ਸਬੂਤ ਬਣਾ ਕੇ ਪੱਟੀ ਦੇ ਇਸ ਵਿਅਕਤੀ ਨੂੰ ਗਲਤ ਤਰੀਕੇ ਨਾਲ ਫਸਾਇਆ ਗਿਆ ਸੀ।
ਇਸ ਕੇਸ ਵਿੱਚ ਇੱਕ ਇੰਸਪੈਕਟਰ, ਦੋ ਸਬ ਇੰਸਪੈਕਟਰ, 4 ਏਐੱਸਆਈ ਅਤੇ ਦੋ ਹੌਲਦਾਰ ਵੀ ਮੁਲਜ਼ਮ ਹਨ।
ਇਨ੍ਹਾਂ ਖਿਲਾਫ਼ NDPS ਐਕਟ ਦੀਆਂ ਧਾਰਾ 342, ਗੈਰ ਕਾਨੂੰਨੀ ਹਿਰਾਸਤ, 192 ਝੂਠੇ ਸਬੂਤ ਬਣਾਉਣ, 195 ਝੂਠੇ ਸਬੂਤਾਂ ਨੂੰ ਵਰਤ ਕੇ ਵਿਅਕਤੀ ਨੂੰ ਸਜ਼ਾ ਦੁਆਉਣ ਵਰਗੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ 471, ਸਰਕਾਰੀ ਰਿਕਾਰਡ ਵਿੱਚ ਤੋੜ-ਮਰੋੜ ਕਰਨ ਅਤੇ ਇੰਡੀਆਨ ਪੀਨਲ ਕੋਰ ਦੀ ਧਾਰਾ 120-ਬੀ ਕਿਸੇ ਖਿਲਾਫ਼ ਅਪਰਾਧਿਕ ਸਾਜ਼ਿਸ ਕਰਨ ਦੇ ਇਲ਼ਜ਼ਾਮ ਸਾਬਿਤ ਹੋਏ ਹਨ।
ਜਨਵਰੀ 2021 ਵਿੱਚ ਪੀੜ੍ਹਤ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਾਈ ਪਟੀਸ਼ਨ ਵਿੱਚ ਮੁਤਾਬਕ ਉਸ ਨੂੰ ਹਸਪਤਾਲ ਵਿੱਚੋਂ ਚੁੱਕ ਕੇ ਝੂਠੇ ਕੇਸ ਵਿੱਚ ਫਸਾ ਦਿੱਤਾ ਗਿਆ। ਉਸ ਨੇ ਇਲਜ਼ਾਮ ਲਾਇਆ ਸੀ ਕਿ ਉਸ ਵਾਂਗ ਪਿੰਡਾਂ ਦੇ ਕਈ ਹੋਰ ਲੋਕਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਸੀ। ਇਸ ਤੋਂ ਬਾਅਦ ਮਾਮਲਾ ਸੀਬੀਆਈ ਨੂੰ ਟਰਾਂਸਫਰ ਕਰ ਦਿੱਤਾ ਗਿਆ।
ਗਿਫਤਾਰ ਕੀਤੇ ਗਏ ਰਸ਼ਪਾਲ ਸਿੰਘ ਨੂੰ ਪਿਛਲੇ ਦਿਨੀਂ ਸੀਆਈਪੀਐੱਫ਼ ਵਿੱਚ ਆਪਣਾ ਡੈਪੂਟੇਸ਼ਨ ਖ਼ਤਮ ਕਰਕੇ ਵਾਪਸ ਪੰਜਾਬ ਆਏ ਸਪੈਸ਼ਲ ਡੀਜੀਪੀ ਹਰਪ੍ਰੀਤ ਸਿੰਘ ਦਾ ਕਰੀਬੀ ਅਫ਼ਸਰ ਮੰਨਿਆ ਜਾਂਦਾ ਸੀ।
2017 ਵਿੱਚ ਜਦੋਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਸੀ, ਉਦੋਂ ਹਰਪ੍ਰੀਤ ਸਿੰਘ ਸਿੱਧੂ ਨੂੰ ਨਸ਼ੇ ਦੇ ਕਾਰੋਬਾਰ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਟਾਸਕ ਫੋਰਸ ਦਾ ਮੁਖੀ ਬਣਾਇਆ ਗਿਆ ਸੀ। ਇਸ ਵੇਲੇ ਰਸ਼ਪਾਲ ਸਿੰਘ ਵੀ ਵਿਸ਼ੇਸ਼ ਟਾਸਕ ਫੋਰਸ ਨਾਲ ਮਿਲ ਕੇ ਕੰਮ ਕਰਦਾ ਸੀ।

