ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅਤੇ ‘ਹੋਟਲ ਪਾਰਕ ਪਲਾਜ਼ਾ’ ਦੇ ਮਾਲਕ ਜਸਬੀਰ ਸਿੰਘ ਉਰਫ ਜੱਸੀ ਖੰਗੂੜਾ ਨੂੰ ਅਦਾਲਤ ਨੇ 18 ਸਾਲ ਪੁਰਾਣੇ ਇੱਕ ਮਾਮਲੇ ਵਿੱਚ 2 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਲੁਧਿਆਣਾ ਦੇ ਮਾਨਯੋਗ ਵਧੀਕ ਸੈਸ਼ਨ ਜੱਜ ਬਰਿੰਦਰ ਸਿੰਘ ਰਮਣਾ ਦੀ ਅਦਾਲਤ ਵੱਲੋਂ ਸੁਣਾਇਆ ਗਿਆ। ਹਾਲਾਂਕਿ, ਸਜ਼ਾ ਦੇ ਐਲਾਨ ਤੋਂ ਤੁਰੰਤ ਬਾਅਦ ਅਦਾਲਤ ਨੇ ਖੰਗੂੜਾ ਨੂੰ ਜ਼ਮਾਨਤ ਦੇ ਦਿੱਤੀ ਹੈ, ਜਿਸ ਕਾਰਨ ਉਨ੍ਹਾਂ ਦੀ ਗਿ੍ਰਫ਼ਤਾਰੀ ਨਹੀਂ ਹੋਈ। ਜ਼ਿਕਰਯੋਗ ਹੈ ਕਿ ਇਹ ਮਾਮਲਾ ਸਾਲ 2008 ਦੀਆਂ ਬਲਾਕ ਕਮੇਟੀ ਚੋਣਾਂ ਨਾਲ ਸਬੰਧਤ ਹੈ। ਉਸ ਸਮੇਂ ਜੱਸੀ ਖੰਗੂੜਾ ਕਿਲਾ ਰਾਏਪੁਰ ਤੋਂ ਕਾਂਗਰਸੀ ਵਿਧਾਇਕ ਸਨ। ਰਿਟਰਨਿੰਗ ਅਫ਼ਸਰ ਫਕੀਰ ਸਿੰਘ ਨੇ ਇਲਜ਼ਾਮ ਲਾਇਆ ਸੀ ਕਿ ਡੇਹਲੋਂ ਇਲਾਕੇ ਵਿੱਚ ਵੋਟਿੰਗ ਤੋਂ ਬਾਅਦ ਜਦੋਂ ਉਹ ਬੈਲਟ ਬਾਕਸ ਗੱਡੀ ਵਿੱਚ ਲੋਡ ਕਰ ਰਹੇ ਸਨ, ਤਾਂ ਖੰਗੂੜਾ ਨੇ ਉਨ੍ਹਾਂ ਨੂੰ ਰੋਕਿਆ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ। ਰਿਟਰਨਿੰਗ ਅਫਸਰ ਮੁਤਾਬਕ ਵਿਧਾਇਕ ਨੇ ਉਨ੍ਹਾਂ ਨਾਲ ਬਦਸਲੂਕੀ ਵੀ ਕੀਤੀ ਸੀ ।
ਸਾਬਕਾ ਵਿਧਾਇਕ ਜੱਸੀ ਖੰਗੂੜਾ ਨੂੰ 2 ਸਾਲ ਦੀ ਸਜ਼ਾ

